ਸੁਨਾਮ ਊਧਮ ਸਿੰਘ ਵਾਲਾ, 16 ਅਗਸਤ (ਪੰਜਾਬ ਮੇਲ)- ਅੱਜ ਸਵੇਰੇ ਪਿੰਡ ਖਡਿਆਲ ਅਤੇ ਚੱਠੇ ਨਨਹੇੜਾ ਵਿਚਕਾਰ ਨਹਿਰ ਟੁੱਟਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਸਵੇਰੇ ਕਰੀਬ ਛੇ ਵਜੇ ਸੁਨਾਮ ਬਰਾਂਚ (ਨੀਲੋਵਾਲ ਨਹਿਰ) ਵਿਚ ਪਾੜ ਪੈ ਗਿਆ, ਜਿਸ ਕਾਰਨ ਖਡਿਆਲ ਅਤੇ ਚੱਠੇ ਨਨਹੇੜਾ ਦਿਆਂ ਪਿੰਡਾਂ ਦੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਪਾੜ ਛੋਟਾ ਜਿਹਾ ਸੀ ਪਰ ਹੁਣ ਵੱਧ ਕੇ ਕਰੀਬ 20 ਫੁੱਟ ਤੱਕ ਹੋ ਗਿਆ ਹੈ, ਜਿਸ ਨੂੰ ਸਥਾਨਕ ਲੋਕ ਪੂਰਨ ਦੀ ਕੋਸ਼ਿਸ਼ ਕਰ ਰਹੇ। ਇਸ ਦੌਰਾਨ ਨਹਿਰੀ ਵਿਭਾਗ ਹਰਕਤ ਵਿਚ ਆ ਗਿਆ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਪੂਰਨ ਲਈ ਯਤਨਸ਼ੀਲ ਹੋ ਗਿਆ। ਨਹਿਰੀ ਵਿਭਾਗ ਦੇ ਐੱਸਡੀਓ ਗੁਰਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮਿੱਟੀ ਦੇ ਗੱਟਿਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜੋ ਅੱਜ ਸ਼ਾਮ ਤੱਕ ਮੁਕੰਮਲ ਕਰ ਲਿਆ ਜਾਵੇਗਾ।