#PUNJAB

ਸੁਖਬੀਰ ਬਾਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਾਮਲਾ ਛੇਤੀ ਵਿਚਾਰਨ ਦੀ ਮੁੜ ਕੀਤੀ ਅਪੀਲ

ਅੰਮ੍ਰਿਤਸਰ, 22 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਮਾਮਲਾ ਜਲਦੀ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਹੈ ਕਿ ਉਹ ਨਿਮਰਤਾ ਸਹਿਤ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋਣਾ ਚਾਹੁੰਦੇ ਹਨ।
ਇਹ ਪੱਤਰ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਲਿਖਿਆ ਸੀ, ਜਿਹੜਾ ਹੁਣ ਜਨਤਕ ਹੋਇਆ ਹੈ। ਇਸ ਪੱਤਰ ਉੱਪਰ 18 ਨਵੰਬਰ ਦੀ ਮਿਤੀ ਅੰਕਿਤ ਹੈ। ਸ੍ਰੀ ਅਕਾਲ ਤਖ਼ਤ  ਦੇ ਜਥੇਦਾਰ ਨੂੰ ਭੇਜੇ ਇਸ ਪੱਤਰ ਵਿਚ ਸਿਰਫ ਪੰਜ ਸਤਰਾਂ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਅਤੇ ਇਸ ਦਾ ਉਨ੍ਹਾਂ ਦੇ ਮਨ ‘ਤੇ ਬੇਹੱਦ ਡੂੰਘਾ ਅਸਰ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਮੁੜ ਨਿਮਰਤਾ ਅਤੇ ਸਤਿਕਾਰ ਸਹਿਤ ਬੇਨਤੀ ਕਰ ਰਹੇ ਹਨ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ‘ਤੇ ਪੇਸ਼ ਹੋਣਾ ਚਾਹੁੰਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਸ੍ਰੀ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਦਾ ਸਾਜਿਆ ਹੋਇਆ ਕਿਰਪਾਲੂ ਅਤੇ ਬਖਸ਼ਿੰਦ ਅਸਥਾਨ ਹੋਣ ਕਾਰਨ ਉਹ ਉਨ੍ਹਾਂ ਦੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਗੇ।
ਉਨ੍ਹਾਂ ਦਾ ਇਹ ਪੱਤਰ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੁੱਜ ਗਿਆ ਹੈ, ਜਿਸ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਦੋਂ ਹੋਵੇਗੀ, ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਹੀ ਕੀਤਾ ਜਾਵੇਗਾ।
ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਖੁਦ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆ ਕੇ ਅਤੇ ਪੱਤਰ ਦੇ ਕੇ ਆਪਣੇ ਮਾਮਲੇ ਨੂੰ ਜਲਦੀ ਵਿਚਾਰਨ ਦੀ ਅਪੀਲ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਅਗਲੇ ਦਿਨ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਪੁੱਜ ਕੇ ਆਪਣਾ ਮੁਆਫ਼ੀਨਾਮਾ ਦਿੱਤਾ ਸੀ।