ਅੰਮ੍ਰਿਤਸਰ, 4 ਦਸੰਬਰ (ਪੰਜਾਬ ਮੇਲ)- ਧਾਰਮਿਕ ਸਜ਼ਾ ਨਿਭਾਉਣ ਦੇ ਦੂਜੇ ਦਿਨ ਜਦੋਂ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੀ ਡਿਓੜੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸਨ, ਤਾਂ ਉਨ੍ਹਾਂ ਨੂੰ ਨਾਰਾਇਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਤੁਰੰਤ ਬਾਅਦ ਉਸ ਨੂੰ ਸੇਵਾਦਾਰਾਂ ਨੇ ਮੌਕੇ ਉੱਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚੱਲਣ ਦੀ ਖ਼ਬਰ ਨੂੰ ਸੁਣ ਤੁਰੰਤ ਹਰਸਿਮਰਤ ਕੌਰ ਬਾਦਲ ਸ੍ਰੀ ਦਰਬਾਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨਤਮਸਤਕ ਹੋਣ ਉਪਰੰਤ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਬੀਬੀ ਬਾਦਲ ਬੇਹੱਦ ਭਾਵੁਕ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ ਹੋ ਗਿਆ। ਇਸ ਹਮਲੇ ਵਿਚ ਭਾਵੇਂ ਗੋਲੀ ਚੱਲੀ ਹੈ ਪਰ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚ ਗਏ। ਗੋਲੀ ਚਲਾਉਣ ਵਾਲੇ ਨਰਾਇਣ ਚੌੜਾ ਨੂੰ ਲੈ ਕੇ ਪੁਲਿਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਹ ਪਹਿਲਾਂ ਵੀ ਗਰਮ ਖਿਆਲੀਆਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਨਰਾਇਣ ਸਿੰਘ ਪਹਿਲੇ ਦਿਨ ਵੀ ਸ੍ਰੀ ਦਰਬਾਰ ਸਾਹਿਬ ਆਇਆ ਸੀ ਅਤੇ ਪੁਲਿਸ ਵਲੋਂ ਪਹਿਲਾਂ ਤੋਂ ਹੀ ਉਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ।