#PUNJAB

ਸੁਖਪਾਲ ਖਹਿਰਾ ਨੂੰ ਵੱਡਾ ਝਟਕਾ, ਜੱਜ ਨੇ ਹਾਈ ਕੋਰਟ ’ਚ ਦਾਖਲ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ

ਚੰਡੀਗੜ੍ਹ, 12 ਜਨਵਰੀ (ਪੰਜਾਬ ਮੇਲ)- ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਕ ਵਾਰ ਫਿਰ ਹਾਈ ਕੋਰਟ ਪਹੁੰਚ ਗਏ ਹਨ। ਉਨ੍ਹਾਂ ਨੂੰ ਇਕ ਮਾਮਲੇ ਵਿਚ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਕਪੂਰਥਲਾ ਵਿਚ ਇਕ ਹੋਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਐੱਫ਼. ਆਈ. ਆਰ. ਵਿਚ ਦੋਸ਼ ਹਨ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖ਼ਿਲਾਫ਼ ਦਰਜ ਇਕ ਅਪਰਾਧਿਕ ਮਾਮਲੇ ਵਿਚ ਗਵਾਹ ਨੂੰ ਧਮਕਾਇਆ ਤੇ ਸਬੂਤਾਂ ਨੂੰ ਮਿਟਾਉਣ ਦੇ ਯਤਨ ਕੀਤੇ ਹਨ।  ਦੂਜੇ ਪਾਸੇ ਖਹਿਰਾ ਨੇ ਆਪਣੇ ਖ਼ਿਲਾਫ਼ ਇਸ ਐੱਫ਼. ਆਈ. ਆਰ. ਨੂੰ ਬਦਲੇ ਦੀ ਭਾਵਨਾ ਦੱਸਦਿਆਂ ਇਸ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਨਾਲ ਹੀ ਉਕਤ ਐੱਫ਼. ਆਈ. ਆਰ. ਨੂੰ ਲੈ ਕੇ ਫ਼ੈਸਲਾ ਆਉਣ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਜਸਟਿਸ ਵਿਕਾਸ ਬਹਾਲ ਦੀ ਅਦਾਲਤ ਵਿਚ ਆਈ ਪਰ ਉਨ੍ਹਾਂ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਪਹਿਲਾਂ ਇਕ ਮਾਮਲੇ ਵਿਚ ਖਹਿਰਾ ਖਿਲਾਫ਼ ਵਕੀਲ ਰਹਿ ਚੁੱਕੇ ਹਨ। ਹੁਣ ਪਟੀਸ਼ਨ ਮੁੜ ਚੀਫ਼ ਜਸਟਿਸ ਕੋਲ ਆਵੇਗੀ, ਜਿੱਥੋਂ ਕਿਸੇ ਦੂਸਰੀ ਅਦਾਲਤ ਨੂੰ ਭੇਜੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਿਕ ਜਸਟਿਸ ਵਿਕਾਸ ਬਹਿਲ ਨੇ ਨਿੱਜੀ ਕਾਰਨਾਂ ਤੋਂ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ ਹੋਰ ਬੈਂਚ ਨੂੰ ਰੈਫਰ ਕੀਤਾ ਗਿਆ ਹੈ।