#PUNJAB

ਸੁਖਪਾਲ ਖਹਿਰਾ ਨੂੰ ਕਪੂਰਥਲਾ ਅਦਾਲਤ ਤੋਂ ਮਿਲੀ ਜ਼ਮਾਨਤ

ਕਪੂਰਥਲਾ, 15 ਜਨਵਰੀ, (ਪੰਜਾਬ ਮੇਲ)-  ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਦਰਅਸਲ ਕਪੂਰਥਲਾ ਦੀ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਇਕ ਕੇਸ ਵਿਚ ਅੱਜ ਜ਼ਮਾਨਤ ਦਿੱਤੀ ਹੈ। ਕਪੂਰਥਲਾ ਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਪੁਲਸ ਨੇ 12 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਮਗਰੋਂ 15 ਜਨਵਰੀ ਦੀ ਤਾਰੀਖ਼ ਤੈਅ ਕੀਤੀ ਸੀ। ਅੱਜ ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫ਼ੈਸਲਾ ਸੁਣਾਇਆ। ਇਥੇ ਦੱਸਣਯੋਗ ਹੈ ਕਿ ਮਹਿਲਾ ਦੇ ਵੱਲੋਂ ਧਮਕਾਉਣ ਦੇ ਦੋਸ਼ਾਂ ਤਹਿਤ ਖਹਿਰਾ ਖ਼ਿਲਾਫ਼ ਸੁਭਾਨਪੁਰ ਥਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ।  ਖਹਿਰਾ ਦੇ ਵਕੀਲ ਕੰਵਲਜੀਤ ਸਿੰਘ ਅਤੇ ਰਜਤ ਢਿੱਲੋਂ ਨੇ ਦੱਸਿਆ ਕਿ 6 ਜਨਵਰੀ ਨੂੰ ਕਪੂਰਥਲਾ ਅਦਾਲਤ ਵੇ ਸੁਖਪਾਲ ਖਹਿਰਾ ਨੂੰ 14 ਦਿਨਾਂ ਦੀ ਜੂਡੀਸ਼ੀਅਲ ਹਿਰਾਸਤ ਵਿਚ ਭੇਜਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਰਜ ਕੀਤੀ ਸੀ। ਇਸੇ ਦੇ ਚਲਦਿਆਂ 9 ਜਨਵਰੀ ਨੂੰ ਪੁਲਸ ਨੇ ਰਿਕਾਰਡ ਪੇਸ਼ ਨਹੀਂ ਕੀਤਾ ਸੀ ਤਾਂ ਅਦਾਲਤ ਨੇ 11 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਉਸ ਦਿਨ ਵੀ ਰਿਕਾਰਡ ਪੇਸ਼ ਨਹੀਂ ਹੋਇਆ ਤਾਂ 12 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ। ਪੁਲਸ ਦੇ ਰਿਕਾਰਡ ਪੇਸ਼ ਕੀਤਾ ਤਾਂ ਅੱਜ ਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ।