#PUNJAB

ਸੁਖਪਾਲ ਖਹਿਰਾ ਜ਼ਮਾਨਤ ਦੇ ਬਾਵਜੂਦ ਜੇਲ੍ਹ ‘ਚੋਂ ਨਹੀਂ ਆਉਣਗੇ ਬਾਹਰ

ਕਪੂਰਥਲਾ, 5 ਜਨਵਰੀ (ਪੰਜਾਬ ਮੇਲ)- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। 2015 ‘ਚ ਫਾਜ਼ਿਲਕਾ ਚ ਐੱਨ. ਡੀ. ਪੀ. ਐੱਸ. ਦੇ ਦਰਜ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਰੈਗੂਲਰ ਜ਼ਮਾਨਤ ਦੀ ਮੰਗ ਵਾਲੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ। 28 ਸਤੰਬਰ ਨੂੰ ਪੁਲਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਹਾਈਕੋਰਟ ਵੱਲੋਂ ਜ਼ਮਾਨਤ ਦੇਣ ਦੇ ਬਾਵਜੂਦ ਵੀ ਖਹਿਰਾ ਦੀ ਜੇਲ੍ਹ ’ਚੋਂ ਰਿਹਾਈ ਅਸੰਭਵ ਹੈ ਕਿਉਂਕਿ ਕਪੂਰਥਲਾ ਪੁਲਸ ਨੇ ਉਨ੍ਹਾਂ ਖ਼ਿਲਾਫ਼ ਸੁਭਾਨਪੁਰ ਥਾਣੇ ਚ ਇਕ ਹੋਰ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਮਾਣਯੋਗ ਅਦਾਲਤ ਚ ਦੇਰ ਸ਼ਾਮ ਪੇਸ਼ ਕਰਨ ’ਤੇ ਅਦਾਲਤ ਨੇ ਉਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਵੀਰਵਾਰ ਨੂੰ ਹਾਈਕੋਰਟ ਨੇ ਉਨ੍ਹਾਂ ਦੀ ਇਕ ਹੋਰ ਮਾਮਲੇ ਚ ਅਗਾਊਂ ਜ਼ਮਾਨਤ ਦੇਣ ਦੀ ਮੰਗ ਨੂੰ ਖਾਰਜ ਕਰ ਦਿੱਤਾਕਿਉਂਕਿ ਖਹਿਰਾ ਨੂੰ ਅੰਦੇਸ਼ਾ ਸੀ ਕਿ ਜ਼ਮਾਨਤ ਮਿਲਦੇ ਸਾਰ ਹੀ ਪੁਲਸ ਉਨ੍ਹਾਂ ਨੂੰ ਕਿਸੇ ਹੋਰ ਮਾਮਲੇ ’ਚ ਗ੍ਰਿਫ਼ਤਾਰ ਕਰ ਸਕਦੀ ਹੈ।

ਖਹਿਰਾ ਨੂੰ ਐੱਨ. ਡੀ. ਪੀ. ਐੱਸ. ਮਾਮਲੇ ਚ ਜ਼ਮਾਨਤ ਦਿੰਦੇ ਹੋਏ ਹਾਈਕੋਰਟ ਦੇ ਜਸਟਿਸ ਅਨੂਪ ਚਿਤਕਾਰਾ ਨੇ ਆਪਣੇ ਫ਼ੈਸਲੇ ਚ ਸਪੱਸ਼ਟ ਕੀਤਾ ਕਿ ਪਟੀਸ਼ਨਰ ਖ਼ਿਲਾਫ਼ ਇਕੱਠੇ ਕੀਤੇ ਗਏ ਸਬੂਤ ਅਧੂਰੇ ਅਤੇ ਫ਼ੈਸਲੇਯੋਗ ਨਹੀਂ ਹਨ।  ਖਹਿਰਾ ਨੂੰ ਪੰਜਾਬ ਪੁਲਸ ਨੇ 28 ਸਤੰਬਰ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।