#INDIA

ਸੁਆਦ ਤੇ ਗੰਧ ਤੋਂ ਬਾਅਦ Corona ਸੰਕਰਮਣ ਹੁਣ ਗਲੇ ਦੀ ਆਵਾਜ਼ ਨੂੰ ਖੋਹ ਰਿਹੈ!

-ਅਧਿਐਨ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ
ਨਵੀਂ ਦਿੱਲੀ, 28 ਦਸੰਬਰ (ਪੰਜਾਬ ਮੇਲ)- ਕੋਰੋਨਾ ਲਾਗ ਕਾਰਨ ਹੁਣ ਤੱਕ ਕਈ ਗੰਭੀਰ ਸਿਹਤ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ। ਪਹਿਲੇ ਅਧਿਐਨਾਂ ਵਿਚ ਲਾਗ ਤੋਂ ਬਾਅਦ ਲੌਂਗ ਕੋਵਿਡ ਦੀਆਂ ਸਮੱਸਿਆਵਾਂ ਨੇ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਸੀ। ਵਿਸ਼ਵ ਪੱਧਰ ‘ਤੇ ਇਕ ਵਾਰ ਫਿਰ ਕੋਰੋਨਾ ਦਾ ਖ਼ਤਰਾ ਤੇਜ਼ੀ ਨਾਲ ਵਧਦਾ ਨਜ਼ਰ ਆ ਰਿਹਾ ਹੈ, ਓਮੀਕਰੋਨ ਦੇ ਨਵੇਂ ਸਬ-ਵੇਰੀਐਂਟ ਜੇ. ਐੱਨ.-1 ਵੇਰੀਐਂਟ ਕਾਰਨ ਚੀਨ-ਸਿੰਗਾਪੁਰ, ਭਾਰਤ ਸਮੇਤ ਕਈ ਦੇਸ਼ਾਂ ‘ਚ ਇਨਫੈਕਸ਼ਨ ਦੇ ਮਾਮਲੇ ਵਧ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਈ ਤਰੀਕਿਆਂ ਨਾਲ ਸਰੀਰਕ ਸਮੱਸਿਆਵਾਂ ਨੂੰ ਵਧਾ ਸਕਦਾ ਹੈ, ਜਿਸ ਲਈ ਸਾਵਧਾਨੀ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਦੌਰਾਨ, ਇਕ ਤਾਜ਼ਾ ਅਧਿਐਨ ਵਿਚ ਵਿਗਿਆਨੀਆਂ ਨੇ ਦੱਸਿਆ ਹੈ ਕਿ ਸੁਆਦ ਅਤੇ ਗੰਧ ਤੋਂ ਬਾਅਦ ਕੋਰੋਨਾ ਸੰਕਰਮਣ ਹੁਣ ਗਲੇ ਦੀ ਆਵਾਜ਼ ਨੂੰ ਖੋਹ ਰਿਹਾ ਹੈ। ਆਪਣੀ ਕਿਸਮ ਦੇ ਪਹਿਲੇ ਮਾਮਲੇ ਵਿਚ, ਕੋਵਿਡ-19 ਕਰਨ ਵੋਕਲ ਕਾਰਡ ਪੈਰਾਲਿਸਿਸ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਮੈਸੇਚਿਉਸੇਟਸ ਆਈ ਐਂਡ ਈਅਰ ਹਸਪਤਾਲ ਦੇ ਖੋਜਕਰਤਾਵਾਂ ਨੇ ਸਿੱਟਾ ਕੱਢਿਆ ਹੈ ਕਿ ਕੋਰੋਨਾ ਇਨਫੈਕਸ਼ਨ ਕਾਰਨ ਨਰਵਸ ਸਿਸਟਮ ਨਾਲ ਸਬੰਧਤ ਜਾਂ ਨਿਊਰੋਪੈਥਿਕ ਪੇਚੀਦਗੀਆਂ ਵੀ ਹੋ ਸਕਦੀਆਂ ਹਨ, ਜਿਸ ਦੇ ਨਤੀਜੇ ਵਜੋਂ ਵੋਕਲ ਕਾਰਡ ਦਾ ਅਧਰੰਗ ਹੋ ਸਕਦਾ ਹੈ। ਪੀਡੀਆਟ੍ਰਿਕਸ ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਵਿਚ ਵਿਗਿਆਨੀਆਂ ਨੇ ਕੋਰੋਨਾ ਕਾਰਨ ਹੋਣ ਵਾਲੀ ਇਸ ਗੰਭੀਰ ਸਮੱਸਿਆ ਬਾਰੇ ਸਾਵਧਾਨ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਵਾਇਰਸ ਨਾਲ ਸੰਕਰਮਣ ਦੀ ਪੁਸ਼ਟੀ ਹੋਣ ਦੇ ਕੁਝ ਦਿਨਾਂ ਬਾਅਦ ਇਕ 15 ਸਾਲ ਦੀ ਲੜਕੀ ਨੂੰ ਅਚਾਨਕ ਸਾਹ ਲੈਣ ਵਿਚ ਮੁਸ਼ਕਲ ਆਉਣ ਲੱਗੀ। ਹਸਪਤਾਲ ਵਿਚ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੋਵਿਡ ਦੇ ਦਿਮਾਗੀ ਪ੍ਰਣਾਲੀ ‘ਤੇ ਮਾੜੇ ਪ੍ਰਭਾਵਾਂ ਕਾਰਨ ਉਸ ਨੂੰ ਵੋਕਲ ਕਾਰਡ ਅਧਰੰਗ ਹੋ ਗਿਆ ਸੀ। ਲੜਕੀ ਨੂੰ ਪਹਿਲਾਂ ਹੀ ਦਮੇ ਅਤੇ ਚਿੰਤਾ ਦੀ ਸਮੱਸਿਆ ਸੀ।
ਖੋਜੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਐਂਡੋਸਕੋਪਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਲ੍ਹੜ ਦੇ ਵੁਆਇਸ ਬਾਕਸ ਜਾਂ ‘ਲੇਰੀਨੈਕਸ’ ਵਿਚ ਪਾਈਆਂ ਜਾਣ ਵਾਲੀਆਂ ਵੋਕਲ ਕਾਰਡਜ਼ ਦੋਵਾਂ ਵਿਚ ਕੋਈ ਸਮੱਸਿਆ ਹੈ। ਅਧਿਐਨ ਲੇਖਕਾਂ ਦਾ ਕਹਿਣਾ ਹੈ ਕਿ ਕੋਵਿਡ -19 ਦੀ ਸ਼ੁਰੂਆਤ ਤੋਂ ਬਾਅਦ ਬੱਚੀ ਵਿਚ ਵੋਕਲ ਕੋਰਡ ਅਧਰੰਗ ਦਾ ਇਹ ਪਹਿਲਾ ਮਾਮਲਾ ਹੈ, ਹਾਲਾਂਕਿ ਇਹ ਸਥਿਤੀ ਬਾਲਗਾਂ ਵਿਚ ਪਹਿਲਾਂ ਦੱਸੀ ਜਾ ਚੁੱਕੀ ਹੈ।
ਹਾਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਕ੍ਰਿਸਟੋਫਰ ਹਾਰਟਨਿਕ ਦਾ ਕਹਿਣਾ ਹੈ ਕਿ ਵਾਇਰਸ ਦੀ ਲਾਗ ਕਈ ਤਰ੍ਹਾਂ ਦੀਆਂ ਤੰਤੂ ਵਿਗਿਆਨਕ ਪੇਚੀਦਗੀਆਂ ਨਾਲ ਜੁੜੀ ਹੋਈ ਹੈ, ਜਿਸ ਵਿਚ ਸਿਰ ਦਰਦ, ਦੌਰੇ ਅਤੇ ਪੈਰੀਫਿਰਲ ਨਿਊਰੋਪੈਥੀ ਸ਼ਾਮਲ ਹਨ। ਇਹ ਕੇਸ ਸੁਝਾਅ ਦਿੰਦਾ ਹੈ ਕਿ ਵੋਕਲ ਕਾਰਡ ਪੈਰਾਲਾਈਸਿਸ ਕੋਰੋਨਾ ਵਾਇਰਸ ਦੀ ਇਕ ਵਾਧੂ ਨਿਊਰੋਪੈਥਿਕ ਪੇਚੀਦਗੀ ਹੋ ਸਕਦੀ ਹੈ।
ਅਧਿਐਨ ਦੇ ਸਿੱਟੇ ਵਿਚ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਖਾਸ ਤੌਰ ‘ਤੇ ਮਹੱਤਵਪੂਰਨ ਹੈ, ਕਿਉਂਕਿ ਜਿਨ੍ਹਾਂ ਮਰੀਜ਼ਾਂ ਨੂੰ ਪਹਿਲਾਂ ਹੀ ਦਮੇ ਜਾਂ ਨਿਊਰੋਲੋਜੀਕਲ ਸਮੱਸਿਆਵਾਂ ਹਨ, ਉਨ੍ਹਾਂ ਨੂੰ ਵੱਧ ਖ਼ਤਰਾ ਹੋ ਸਕਦਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਡਾਕਟਰ ਕੋਰੋਨਾ ਇਨਫੈਕਸ਼ਨ ਦੇ ਇਲਾਜ ਦੌਰਾਨ ਨਿਊਰੋਲੋਜੀ-ਸਾਈਕਾਇਟ੍ਰੀ ਆਦਿ ‘ਤੇ ਗੰਭੀਰਤਾ ਨਾਲ ਧਿਆਨ ਦੇਣ। ਪਹਿਲਾਂ ਵੀ ਕੋਰੋਨਾ ਕਾਰਨ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਸਾਹਮਣੇ ਆਈਆਂ ਹਨ, ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਿਰਫ ਸਾਹ ਦੀ ਲਾਗ ਤੱਕ ਸੀਮਿਤ ਬਿਮਾਰੀ ਨਹੀਂ ਹੈ।