#PUNJAB

ਸੀਤ ਲਹਿਰ ਦਾ ਜ਼ੋਰ, ਧੁੰਦ ਤੇ ਕੰਬਣੀ ਨਾਲ ਹੋਵੇਗਾ New Year ਦਾ ਸਵਾਗਤ

ਜਲੰਧਰ, 31 ਦਸੰਬਰ (ਪੰਜਾਬ ਮੇਲ)-  ਸੀਤ ਲਹਿਰ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ, ਜਿਸ ਕਾਰਨ ਲੋਕ ਘਰਾਂ ਵਿਚ ਹੀ ਵੜੇ ਰਹਿਣ ’ਤੇ ਮਜਬੂਰ ਹੋ ਚੁੱਕੇ ਹਨ। ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ 12 ਵਜੇ ਤੋਂ ਬਾਅਦ ਧੁੰਦ ਪੈਣੀ ਸ਼ੁਰੂ ਹੋਈ ਅਤੇ ਸਵੇਰ ਤਕ ਧੁੰਦ ਦੀ ਚਾਦਰ ਵਿਛੀ ਨਜ਼ਰ ਆਈ। ਪੂਰਾ ਦਿਨ ਸੂਰਜ ਨਾ ਨਿਕਲਣ ਕਾਰਨ ਠੰਡ ਵਿਚ ਵਾਧਾ ਦਰਜ ਹੋਇਆ, ਜਦਕਿ ਸ਼ਾਮ ਨੂੰ ਧੁੰਦ ਤੋਂ ਰਾਹਤ ਰਹੀ। ਦੂਜੇ ਪਾਸੇ ਨਵੇਂ ਸਾਲ ’ਤੇ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਨਿਊ ਯੀਅਰ ਈਵ ਮਨਾਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚਿਤਾਵਨੀ ਮੁਤਾਬਕ ਮਹਾਨਗਰ ਜਲੰਧਰ ਰੈੱਡ ਜ਼ੋਨ ਵਿਚ ਆ ਰਿਹਾ ਹੈ ਅਤੇ ਨਵੇਂ ਸਾਲ ਦੀ ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਅਗਲੇ 2 ਦਿਨ ਤਾਪਮਾਨ ਵਿਚ ਗਿਰਾਵਟ ਦਰਜ ਹੋਣ ਨਾਲ ਕੰਬਣੀ ਵਧੇਗੀ ਅਤੇ ਧੁੰਦ ਕਾਰਨ ਟ੍ਰੈਫਿਕ ਵੀ ਪ੍ਰਭਾਵਿਤ ਹੋਵੇਗੀ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਸਾਵਧਾਨੀ ਵਰਤੋਂ ਅਤੇ ਬੇਹੱਦ ਜ਼ਰੂਰੀ ਹੋਣ ’ਤੇ ਹੀ ਸਫ਼ਰ ਲਈ ਨਿਕਲੋ। ਇਸ ਅਗਾਊਂ ਅਨੁਮਾਨ ਮੁਤਾਬਕ 2 ਜਨਵਰੀ ਤਕ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ ਅਤੇ ਅਗਲੇ 2 ਦਿਨ ਅਲਰਟ ਰਹਿਣ ਤੋਂ ਬਾਅਦ ਮਹਾਨਗਰ ਰੈੱਡ ਜ਼ੋਨ ਤੋਂ ਬਾਹਰ ਆ ਸਕਦਾ ਹੈ। ਮੌਸਮ ਦੇ ਅਨੁਮਾਨ ਵਿਚ ਅਗਲੇ ਹਫ਼ਤੇ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਜਾ ਚੁੱਕੀ ਹੈ ਕਿਉਂਕਿ ਹਵਾਵਾਂ ਦਾ ਰੁਖ਼ ਬਦਲਣ ਵਾਲਾ ਹੈ।