– 3 ਅਣਪਛਾਤੇ ਬਦਮਾਸ਼ਾਂ ਨੇ ਖਾਲੀ ਗੱਡੀ ਦੀ ਖਿੜਕੀ ਤੋੜਨ ਦੀ ਕੀਤੀ ਕੋਸ਼ਿਸ਼
ਨਿਊਯਾਰਕ, 15 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਸੋਮਵਾਰ ਨੂੰ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪੋਤੀ ਨਾੳਮੀ ਬਾਇਡਨ ਦੀ ਸੁਰੱਖਿਆ ਕਰ ਰਹੇ ਸੀਕ੍ਰੇਟ ਸਰਵਿਸ ਏਜੰਟਾਂ ਨੇ ਨਾੳਮੀ ਨੂੰ ਬਚਾਉਣ ਲਈ ਗੋਲੀਬਾਰੀ ਕੀਤੀ। ਕੌਮਾਂਤਰੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨਾੳਮੀ ਅਤੇ ਉਸ ਦੇ ਏਜੰਟ ਜੌਰਜਟਾਊਨ ’ਚ ਸਨ। ਫਿਰ 3 ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਦੀ ਖਾਲੀ ਐੱਸ.ਯੂ.ਵੀ. ਗੱਡੀ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਏਜੰਟਾਂ ਨੇ ਬਦਮਾਸ਼ਾਂ ਨੂੰ ਦੇਖਿਆ, ਤਾਂ ਉਨ੍ਹਾਂ ਨੇ ਤੁਰੰਤ ਫਾਇਰਿੰਗ ਸ਼ੁਰੂ ਕਰ ਦਿੱਤੀ। ਕਾਰ ’ਚ ਸਵਾਰ 3 ਬਦਮਾਸ਼ ਗੋਲੀਬਾਰੀ ਦੌਰਾਨ ਫਰਾਰ ਹੋ ਗਏ। ਸੀਕਰੇਟ ਸਰਵਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਏਜੰਟ ਵੱਲੋਂ ਕੀਤੀ ਗੋਲੀਬਾਰੀ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਤਿੰਨੋਂ ਬਦਮਾਸ਼ ਲਾਲ ਰੰਗ ਦੀ ਕਾਰ ’ਚ ਭੱਜਦੇ ਹੋਏ ਦਿਖਾਈ ਦਿੱਤੇ। ਸੀਕਰੇਟ ਸਰਵਿਸ ਨੇ ਕਿਹਾ ਕਿ ਪੁਲਿਸ ਨੂੰ ਬਦਮਾਸ਼ਾਂ ਨੂੰ ਫੜਨ ਦੇ ਆਦੇਸ਼ ਵੀ ਦਿੱਤੇ ਜਾਰੀ ਕੀਤੇ ਗਏ ਹਨ।