#PUNJAB

ਸਿੱਧੂ ਮੂਸੇਵਾਲਾ ਦੇ ਬੀ.ਬੀ.ਸੀ. ਦਸਤਾਵੇਜ਼ੀ ਵਿਵਾਦ ਬਾਰੇ ਅਗਲੀ ਸੁਣਵਾਈ 1 ਜੁਲਾਈ ਨੂੰ

ਮਰਹੂਮ ਪੰਜਾਬੀ ਗਾਇਕ ਦੇ ਵਕੀਲ ਅਦਾਲਤ ‘ਚ ਦਾਅਵਾ ਪੇਸ਼ ਕਰਨ ਵਿਚ ਨਾਕਾਮ
ਮਾਨਸਾ, 24 ਜੂਨ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਬਾਰੇ ਬੀਬੀਸੀ ਵੱਲੋਂ ਬਣਾਈ ਦਸਤਾਵੇਜ਼ੀ ‘ਦਾ ਕਿਲਿੰਗ ਕਾਲ’ ਨਾਲ ਸਬੰਧਤ ਮਾਮਲੇ ਵਿਚ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੋਰਟ ਵਿਚ ਕੋਈ ਜਵਾਬ ਨਾ ਦਿੱਤੇ ਜਾਣ ਕਰਕੇ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਪਹਿਲੀ ਜੁਲਾਈ ਲਈ ਨਿਰਧਾਰਿਤ ਕਰ ਦਿੱਤੀ ਹੈ। ਬੀ.ਬੀ.ਸੀ. ਨੇ ਪਿਛਲੀ ਸੁਣਵਾਈ ਮੌਕੇ ਗਾਇਕ ਦੇ ਪਰਿਵਾਰ ਵੱਲੋਂ ਦਸਤਾਵੇਜ਼ੀ ਬਾਰੇ ਕੀਤੇ ਦਾਅਵੇ ਨੂੰ ਅਯੋਗ ਕਰਾਰ ਦਿੱਤਾ ਸੀ।
ਮਾਨਸਾ ਦੀ ਅਦਾਲਤ ਵਿਚ ਬੀ.ਬੀ.ਸੀ. ਵੱਲੋਂ ਵਕੀਲ ਬਲਵੰਤ ਸਿੰਘ ਭਾਟੀਆ ਅਤੇ ਬੀ.ਬੀ.ਸੀ. ਦੀ ਐਂਕਰ ਅਸ਼ਲੀਨ ਕੌਰ ਅਤੇ ਬੀ.ਬੀ.ਸੀ. ਦੇ ਰਿਪੋਰਟਰ ਅੰਕੁਰ ਜੈਨ ਵੱਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ। ਹਾਲਾਂਕਿ ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਵੱਲੋਂ ਪੇਸ਼ ਹੋ ਕੇ ਸੀ.ਪੀ.ਸੀ. ਦੇ ਹੁਕਮ 7 ਰੂਲ-11 ਅਧੀਨ ਜਵਾਬ ਨਾ ਦੇਣ ਕਰਕੇ ਅਗਲੀ ਤਰੀਕ ਮੁਕੱਰਰ ਕੀਤੀ ਗਈ ਹੈ।
ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਬੀ.ਬੀ.ਸੀ. ਨੇ ਅਦਾਲਤ ਵਿਚ ਅਰਜ਼ੀ ਲਗਾ ਕੇ ਪਰਿਵਾਰ ਵੱਲੋਂ ਜਤਾਏ ਇਤਰਾਜ ਅਤੇ ਦਾਅਵੇ ਨੂੰ ਅਯੋਗ ਦੱਸਿਆ ਹੈ, ਜਿਸ ਸਬੰਧੀ ਉਹ ਪਹਿਲੀ ਜੁਲਾਈ ਨੂੰ ਜਵਾਬ ਦਾਖ਼ਲ ਕਰਨਗੇ। ਉਨ੍ਹਾਂ ਦੱਸਿਆ ਕਿ ਕਿਸੇ ਵਿਸ਼ੇਸ ਕਾਰਨ ਇਹ ਜਵਾਬ ਅਦਾਲਤ ਵਿਚ ਦਾਖ਼ਲ ਨਹੀਂ ਕੀਤਾ ਜਾ ਸਕਿਆ।
ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਣੀ ਦਸਤਾਵੇਜ਼ੀ ਉਪਰੰਤ ਮੂਸੇਵਾਲਾ ਪਰਿਵਾਰ ਅਤੇ ਬੀ.ਬੀ.ਸੀ. ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਸ ਦਸਤਾਵੇਜ਼ੀ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਬੀ.ਬੀ.ਸੀ. ਨੇ ਹਾਲਾਂਕਿ ਦਸਤਾਵੇਜ਼ੀ ਨੂੰ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਹੀ ਰਿਲੀਜ਼ ਕਰ ਦਿੱਤਾ ਸੀ। ਹੁਣ ਇਸ ਮਾਮਲੇ ‘ਤੇ ਮਾਨਸਾ ਦੀ ਅਦਾਲਤ ਵਿਚ 1 ਜੁਲਾਈ ਨੂੰ ਸੁਣਵਾਈ ਹੋਵੇਗੀ।