ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਨਸਾਫ ਨਾ ਮਿਲਣ ’ਤੇ ਸੜਕਾਂ ’ਤੇ ਉਤਰਨ ਦੀ ਚਿਤਾਵਨੀ

75
ਚੰਡੀਗੜ੍ਹ, 22 ਅਗਸਤ (ਪੰਜਾਬ ਮੇਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਮ ਆਦਮ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ ਇਕੱਲੇ ਗੋਲੀ ਚਲਾਉਣ ਵਾਲੇ ਵਿਅਕਤੀ ਕਾਤਲ ਨਹੀਂ ਹਨ। ਇਸ ਮਾਮਲੇ ਵਿਚ ਸਫੈਦਪੋਸ਼ ਲੋਕਾਂ ’ਤੇ ਹੁਣ ਤੱਕ ਕਾਰਵਾਈ ਨਹੀਂ ਹੋਈ। ਗੈਂਗਸਟਰਾਂ ਦੀ ਫਿਰੌਤੀ ਇਕੱਠੇ ਕਰਨ ਵਾਲੇ ਪੁਲਿਸ ਦੀ ਪਕੜ ਤੋਂ ਹੁਣ ਤੱਕ ਬਾਹਰ ਹਨ। ਬਲਕੌਰ ਸਿੰਘ ਨੇ ਕਿਹਾ ਕਿ ਇੱਕ ਹਫਤੇ ਬਾਅਦ ਅਸੀਂ ਸੜਕਾਂ ’ਤੇ ਉਤਰਾਂਗੇ। ਸਰਕਾਰ ਸਾਡੀ ਸ਼ਰਾਫਤ ਦਾ ਫਾਇਦਾ ਲੈ ਰਹੀ ਹੈ। ਦੂਜੇ ਪਾਸੇ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਪੂਰੀ ਗੰਭੀਰਤਾ ਨਾਲ ਕਤਲ ਕੇਸ ਦੀ ਜਾਂਚ ਕਰ ਰਹੀ ਹੈ। ਇਸ ਕੇਸ ਦੇ ਲਗਭਗ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ। ਬਚੇ ਮੁਲਜਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰ ਨੇ ਕਿਹਾ ਕਿ ਇਸ ਮਾਮਲੇ ’ਚ ਜਲਦ ਹੀ ਕੋਰਟ ਵਿਚ ਚਾਲਾਨ ਪੇਸ਼ ਕਰ ਦਿੱਤਾ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਦੀ ਸੁਰੱਖਿਆ ਕਿਸ ਨੇ ਵਾਪਸ ਲਈ? ਇਸ ਦੀ ਕੋਈ ਜਾਂਚ ਨਹੀਂ ਹੋਈ। ਉਸ ਅਧਿਕਾਰੀ ਕੋਲੋਂ ਪੁਛਗਿੱਛ ਕਿਉਂ ਨਹੀਂ ਹੋਈ? ਮੈਂ ਉਸ ਵਿਰੁੱਧ ਕਾਰਵਾਈ ਨਹੀਂ ਚਾਹੁੰਦਾ, ਪਰ ਅਧਿਕਾਰੀ ਜਨਤਕ ਤੌਰ ’ਤੇ ਗਲਤੀ ਤਾਂ ਕਬੂਲੇ ਕਿ ਮੇਰੇ ਵਲੋਂ ਸੁਰੱਖਿਆ ਵਾਪਸ ਲੈਣ ਕਾਰਨ ਮੂਸੇਵਾਲਾ ਨੂੰ ਮਾਰਿਆ ਹੈ।