– ਕਿਹਾ: ਅਸੀਂ ਨਹੀਂ ਮਰਵਾਇਆ ਮੂਸੇਵਾਲਾ
– ਅਦਾਲਤ ‘ਚ ਪਾਈ ਪਟੀਸ਼ਨ
ਮਾਨਸਾ, 13 ਦਸੰਬਰ (ਪੰਜਾਬ ਮੇਲ) ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਦੇ ਵਕੀਲ ਸ਼ੈਲੀ ਸ਼ਰਮਾ ਨੇ ਮਾਨਸਾ ਕੋਰਟ ‘ਚ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਨੇ ਵਕੀਲਾਂ ਰਾਹੀਂ ਕਿਹਾ ਗਿਆ ਸੀ ਕਿ ਕਤਲ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਇਸ ਮਾਮਲੇ ‘ਚ ਯੂ-ਟਰਨ ਲੈਂਦਿਆਂ ਕਿਹਾ ਕਿ ਉਹ ਬੇਕਸੂਰ ਹਨ ਅਤੇ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਇਸ ਮਾਮਲੇ ਵਿਚ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾਣਾ ਚਾਹੀਦਾ ਹੈ।
ਲਾਰੈਂਸ ਬਿਸ਼ਨੋਈ ਨੇ 239 ਸੀ.ਆਰ.ਪੀ.ਸੀ. ਅਤੇ ਜੱਗੂ ਭਗਵਾਨ ਪੁਰੀਆ ਨੇ 227 ਸੀ.ਆਰ.ਪੀ.ਸੀ. ਦੇ ਤਹਿਤ ਅਰਜ਼ੀ ਦਾਇਰ ਕੀਤੀ ਹੈ ਕਿ ਦੋਵੇਂ ਮੁਲਜ਼ਮ ਨੂੰ ਇਸ ਕੇਸ ‘ਚੋਂ ਬਰੀ ਕੀਤਾ ਜਾਵੇ, ਅਦਾਲਤ ਨੇ ਇਸ ਦੀ ਕਾਪੀ ਸਰਕਾਰੀ ਵਕੀਲ ਨੂੰ ਦੇ ਕੇ 5 ਜਨਵਰੀ ਨੂੰ ਆਪਣਾ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੀ ਅਦਾਲਤ ‘ਚ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਦੋਸ਼ ਤੈਅ ਕਰਨ ਲਈ ਸੁਣਵਾਈ ਹੋਈ। ਇਸ ਦੌਰਾਨ ਦੋਵਾਂ ਗੈਂਗਸਟਰਾਂ ਦੇ ਵਕੀਲਾਂ ਨੇ ਪਟੀਸ਼ਨਾਂ ਦਾਇਰ ਕੀਤੀਆਂ। ਵਰਣਨਯੋਗ ਹੈ ਕਿ ਅਦਾਲਤ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਜੇਕਰ ਕਿਸੇ ਦੋਸ਼ੀ ‘ਤੇ ਦੋਸ਼ ਸਾਬਤ ਨਾ ਹੋਣ, ਤਾਂ ਉਸ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ।
ਗੈਂਗਸਟਰਾਂ ਵੱਲੋਂ ਪਾਈ ਪਟੀਸ਼ਨ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣਾ ਪੱਖ ਪੇਸ਼ ਕਰਨ ਦਾ ਅਧਿਕਾਰ ਹੈ ਪਰ ਇਨ੍ਹਾਂ ਗੈਂਗਸਟਰਾਂ ਨੇ ਪਹਿਲਾਂ ਇੰਟਰਵਿਊਜ਼ ਅਤੇ ਫੋਨ ਕਾਲਾਂ ਰਾਹੀਂ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਕਤਲ ਕਿਉਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਕੋਲ ਬਹੁਤ ਪੈਸਾ ਹੈ, ਇਹ ਕੁਝ ਵੀ ਕਰ ਸਕਦੇ ਹਨ, ਮਹਿੰਗੇ ਤੋਂ ਮਹਿੰਗੇ ਵਕੀਲਾਂ ਨੂੰ ਰੱਖ ਸਕਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਜਾਣਬੁੱਝ ਕੇ ਫੈਸਲੇ ਵਿਚ ਦੇਰੀ ਕਰਨ ਲਈ ਚਾਲਾਂ ਖੇਡ ਰਹੇ ਹਨ।