#PUNJAB

ਸਿੱਧੂ ਮੂਸੇਵਾਲਾ ਕਤਲ ਕੇਸ : ਹੋਰ ਮੁਲਜ਼ਮਾਂ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼

ਮਾਨਸਾ, 31 ਅਗਸਤ (ਪੰਜਾਬ ਮੇਲ)-  ਸਿੱਧੂ ਮੂਸੇਵਾਲਾ ਕਤਲ ਕੇਸ ਵਿਚ 4 ਸ਼ੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੂੰ ਗਵਾਹਾਂ ਨੇ ਪਛਾਣ ਲਿਆ। ਇਸ ਦੇ ਲਈ ਅਦਾਲਤ ਨੇ ਮੁਲਜ਼ਮਾਂ ਦੀ ਅਗਲੀ ਪੇਸ਼ੀ 13 ਸਤੰਬਰ ਨੂੰ ਤੈਅ ਕੀਤੀ ਹੈ। ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਮੂਸੇਵਾਲਾ ਨਾਲ ਉਕਤ ਨੌਜਵਾਨ ਵੀ ਉਸ ਦੀ ਥਾਰ ਵਿਚ ਸਵਾਰ ਸਨ ਤੇ ਉਨ੍ਹਾਂ ਦੇ ਵੀ ਗੋਲ਼ੀਆਂ ਲੱਗੀਆਂ ਸਨ। ਇਨ੍ਹਾਂ ਨੌਜਵਾਨਾਂ ਵੱਲੋਂ ਹੀ ਅਦਾਲਤ ਵਿਚ 6 ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਇਸ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਸਮੇਤ ਕਰੀਬ 27 ਮੁਲਜ਼ਮ ਸ਼ਾਮਲ ਸਨ।ਸ਼ੁੱਕਰਵਾਰ ਨੂੰ ਸ਼ੂਟਰ ਕੁਲਦੀਪ, ਦੀਪਕ ਮੁੰਡੀ, ਅੰਕਿਤ ਸੇਰਸਾ, ਪ੍ਰਿਅਵਰਤ ਫੌਜੀ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਮਨਪ੍ਰੀਤ ਮੈਨੀ ਰਾਏ, ਸੰਦੀਪ ਕੇਕੜਾ, ਕੇਸ਼ਵ ਕੁਮਾਰ ਨੂੰ ਮਾਨਸਾ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਗਵਾਹਾਂ ਵੱਲੋਂ ਉਨ੍ਹਾਂ ਦੀ ਪਛਾਣ ਕੀਤੀ ਗਈ। ਅਦਾਲਤ ਨੇ ਇਸ ਘਟਨਾ ਦੌਰਾਨ ਵਰਤਿਆ ਪਿਸਤੌਲ, ਵਾਹਨ ਆਦਿ ਨੂੰ ਅਗਲੀ ਪੇਸ਼ੀ ’ਤੇ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ। ਮੁਲਜ਼ਮਾਂ ਦੀ ਅਗਲੀ ਪੇਸ਼ੀ ਹੁਣ 13 ਸਤੰਬਰ ਨੂੰ ਹੋਵੇਗੀ।