#PUNJAB

ਸਿੱਧੂ ਮੂਸੇਵਾਲਾ ਕਤਲਕਾਂਡ: High Court ਵੱਲੋਂ ਗੈਂਗਸਟਰ ਟੀਨੂੰ ਦੀ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਜ਼ਮਾਨਤ

ਚੰਡੀਗੜ੍ਹ, 22 ਨਵੰਬਰ (ਪੰਜਾਬ ਮੇਲ)- ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ ‘ਚ ਗ੍ਰਿਫ਼ਤਾਰ ਗੈਂਗਸਟਰ ਦੀਪਕ ਟੀਨੂੰ ਦੀ ਮਦਦ ਕਰਨ ਵਾਲੇ ਬਰਖ਼ਾਸਤ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਨੂੰ ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇ ਕੇ ਰਾਹਤ ਦਿੱਤੀ ਹੈ। ਉਕਤ ਸਬ-ਇੰਸਪੈਕਟਰ ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਸ ਹਿਰਾਸਤ ਵਿਚੋਂ ਭੱਜਣ ਵਿਚ ਮਦਦ ਕਰਨ ਦਾ ਦੋਸ਼ ਸੀ। ਟੀਨੂੰ ਲਾਰੈਂਸ ਬਿਸ਼ਨੋਈ ਦਾ ਕਥਿਤ ਸਹਿਯੋਗੀ ਹੈ ਜਿਸ ਨੇ ਕਤਲ ਲਈ ਸ਼ਾਰਪ ਸ਼ੂਟਰਾਂ ਦਾ ਪ੍ਰਬੰਧ ਕਰਨ ਵਿਚ ਮਦਦ ਕੀਤੀ ਸੀ। ਦੋਸ਼ ਸੀ ਕਿ ਸੀ.ਆਈ.ਏ. ਦੀ ਹਿਰਾਸਤ ਵਿਚ ਰਹਿਣ ਦੌਰਾਨ ਦੀਪਕ ਤਤਕਾਲੀ ਸੀ.ਆਈ.ਏ. ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਦੀ ਮਦਦ ਨਾਲ ਫਰਾਰ ਹੋ ਗਿਆ ਸੀ।
ਬਰਖ਼ਾਸਤ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ‘ਤੇ ਅਕਤੂਬਰ 2022 ਵਿਚ ਜ਼ਿਲਾ ਮਾਨਸਾ ਵਿਚ ਆਈ.ਪੀ.ਸੀ. ਦੀਆਂ ਧਾਰਾਵਾਂ 222, 224, 225-ਏ, 212, 216, 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਹਿਰਾਸਤ ਵਿਚ ਹੈ। ਇਸ ਦੇ ਨਾਲ ਹੀ ਹਾਈਕੋਰਟ ਦੇ ਜਸਟਿਸ ਐੱਮ.ਐੱਸ. ਸੰਧੂ ਨੇ ਮਾਮਲੇ ਦੀ ਸੁਣਵਾਈ 25 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ।