ਵਾਸ਼ਿੰਗਟਨ, 9 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਸਿੱਖ ਜਗਤ ਦੀ ਮਹਾਨ ਸ਼ਖਸੀਅਤ ਸ. ਇੰਦਰਜੀਤ ਸਿੰਘ ਰੇਖੀ ਆਪਣੇ ਗ੍ਰਹਿ ਵਿਖੇ ਪਰਿਵਾਰ ਦੀ ਹਾਜ਼ਰੀ ‘ਚ ਆਖਰੀ ਸਾਹ ਲੈਂਦੇ ਹੋਏ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ। ਉਹ ਇਕ ਮਹਾਨ ਗਤੀਸ਼ੀਲ ਸ਼ਖਸੀਅਤ ਸਨ ਅਤੇ ਉਹ ਸਿੱਖ ਜਗਤ ਅਤੇ ਰੇਖੀ ਪਰਿਵਾਰ ਦੇ ਥੰਮ੍ਹ ਮੰਨੇ ਜਾਂਦੇ ਸਨ। ਉਨ੍ਹਾਂ ਦਾ ਭਾਰਤ ਵਿਚ ਹੀ ਨਹੀਂ, ਅਮਰੀਕਾ ਵਿਚ ਵੀ ਹਰ ਭਾਈਚਾਰੇ ਵਿਚ ਵੱਡਾ ਸਤਿਕਾਰ ਸੀ। ਅਮਰੀਕਾ ਵਿਚ ਉਨ੍ਹਾਂ ਸਿੱਖੀ ਅਤੇ ਗੁਰਬਾਣੀ ਦੇ ਪ੍ਰਚਾਰ ਲਈ ਜ਼ਿਕਰਯੋਗ ਯਤਨ ਕੀਤੇ। ਉਨ੍ਹਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਦੇ ਪ੍ਰਚਾਰ ਲਈ ਆਪਣੇ ਜੀਵਨ ਦਾ ਵੱਡਾ ਹਿੱਸਾ ਲਾਇਆ। ਇਸੇ ਟੀਚੇ ਲਈ ਉਨ੍ਹਾਂ ਗੁਰੂ ਨਾਨਕ ਫਾਊਂਡੇਸ਼ਨ ਆਫ ਅਮਰੀਕਾ ਦੇ ਚੇਅਰਮੈਨ ਅਤੇ ਜਨਰਲ ਸਕੱਤਰ ਵਜੋਂ ਲੰਮਾਂ ਸਮਾਂ ਸੇਵਾ ਕੀਤੀ। ਉਨ੍ਹਾਂ ਟੀ.ਵੀ. ਪ੍ਰੋਗਰਾਮਾਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਬੋਲ ਕੇ ਸਾਡੇ ਗੁਰੂਆਂ ਲਈ ਆਪਣੇ ਪਿਆਰ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਪ੍ਰਚਾਰ ਵੀ ਕੀਤਾ।
ਉਨ੍ਹਾਂ ਦਿੱਲੀ ‘ਚ 80 ਦੇ ਦਹਾਕੇ ਵਿਚ ਇਕ ‘ਰਾਜਨੀਤੀ ਸੰਸਾਰ’ ਨਾਮ ਦਾ ਪੰਜਾਬੀ ਅਖ਼ਬਾਰ ਵੀ ਪ੍ਰਕਾਸ਼ਿਤ ਕੀਤਾ ਸੀ। ਇਸ ਅਖਬਾਰ ਨੇ ਤਹਿਲਕਾ ਮਚਾਉਂਦਿਆਂ ਇੰਦਰਾ ਗਾਂਧੀ ਦੇ ਸਿੰਘਾਸਣ ਨੂੰ ਹਿਲਾ ਦਿੱਤਾ ਸੀ ਪਰ ਇਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ 1984 ਦੇ ਦਿੱਲੀ ਦੇ ਸਿੱਖ ਕਤਲੇਆਮ ਵਿਚ ਭੁਗਤਣਾ ਪਿਆ, ਜਦੋਂ ਹਮਲਾਵਰਾਂ ਨੇ ਉਨ੍ਹਾਂ ਦੇ ਬਿਜ਼ਨਸ ਅਤੇ ਅਖਬਾਰ ਨੂੰ ਤਬਾਹ ਕਰ ਦਿੱਤਾ। ਇਸ ਤੋਂ ਉਪਰੰਤ ਉਹ ਅਮਰੀਕਾ ਪ੍ਰਵਾਸ ਕਰ ਗਏ ਸਨ।
ਜਾਣਨਯੋਗ ਹੈ ਕਿ ਉਹ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੇ ਮਾਮਾ ਜੀ ਸਨ। ਸ. ਜੱਸੀ ਨੇ ਕਿਹਾ ਕਿ ਸ. ਇੰਦਰਜੀਤ ਸਿੰਘ ਰੇਖੀ ਦਾ ਅਕਾਲ ਚਲਾਣਾ ਸਿਰਫ ਪਰਿਵਾਰ ਲਈ ਹੀ ਘਾਟਾ ਨਹੀਂ, ਸਗੋਂ ਸਮੁੱਚੇ ਸਿੱਖ ਜਗਤ ਵਿਚ ਇਕ ਖਲਾਅ ਪੈਦਾ ਹੋ ਗਿਆ। ਸ. ਜੱਸੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਾ ਜੀ ਸ. ਇੰਦਰਜੀਤ ਸਿੰਘ ਰੇਖੀ ਉਨ੍ਹਾਂ ਦੇ ਪ੍ਰੇਰਨਾਸ੍ਰੋਤ ਸਨ ਅਤੇ ਉਨ੍ਹਾਂ ਵੱਲ ਵੇਖ ਕੇ ਹੀ ਉਹ ਸਿੱਖ ਧਰਮ ਅਤੇ ਸੇਵਾ ਕਾਰਜਾਂ ਦੇ ਨਾਲ ਜੁੜੇ। ਉਨ੍ਹਾਂ ਕਿਹਾ ਕਿ ਸ. ਰੇਖੀ ਹਮੇਸ਼ਾ ਹੀ ਉਨ੍ਹਾਂ ਦੇ ਦਿਲ ਵਿਚ ਵਸਦੇ ਰਹਿਣਗੇ।
ਸ. ਇੰਦਰਜੀਤ ਸਿੰਘ ਰੇਖੀ ਸੱਚੇ-ਸੁੱਚੇ ਚਰਿੱਤਰ, ਇਮਾਨਦਾਰੀ, ਅਤਿਅੰਤ ਸਿਆਣਪ, ਪਰਉਪਕਾਰੀ, ਅਦਭੁੱਤ ਬੁੱਧੀ, ਪਿਆਰ ਕਰਨ ਅਤੇ ਮੁਆਫ ਕਰਨ ਵਾਲੇ ਸੁਭਾਅ ਦੇ ਵਿਅਕਤੀ ਸਨ ਅਤੇ ਸਭ ਤੋਂ ਵੱਧ, ਉਨ੍ਹਾਂ ਦੀ ਸਿੱਖ ਧਰਮ ਅਤੇ ਗੁਰਸਿੱਖੀ ਪ੍ਰਤੀ ਵਚਨਬੱਧਤਾ ਬੇਮਿਸਾਲ ਸੀ। ਸ. ਰੇਖੀ ਦੇ ਅਕਾਲ ਚਲਾਣੇ ‘ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਸਥਾਵਾਂ ਦੇ ਆਗੂਆਂ ਵਲੋਂ ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿਚ ਮੈਰੀਡਲੈਂਡ ਦੇ ਗਵਰਨਰ ਵੈੱਸਮੋਰ ਨੇ ਸ਼ੋਕ ਸੰਦੇਸ਼ ਭੇਜਿਆ। ਦਿੱਲੀ ਦੇ ਉੱਘੇ ਸਿੱਖ ਆਗੂ ਸ. ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਸ. ਇੰਦਰਜੀਤ ਸਿੰਘ ਰੇਖੀ ਦੀ ਉਨ੍ਹਾਂ ਦੇ ਪਿਤਾ ਜੀ ਜਥੇਦਾਰ ਸੰਤੋਖ ਸਿੰਘ ਨਾਲ ਬਹੁਤ ਨੇੜਤਾ ਸੀ ਤੇ ਦੋਵਾਂ ਨੇ ਸਾਂਝੇ ਤੌਰ ‘ਤੇ ਕਈ ਪੰਥਕ ਕਾਰਜਾਂ ਵਿਚ ਹਿੱਸਾ ਪਾਇਆ ਸੀ। ਜਿਸ ਕਾਰਨ ਉਨ੍ਹਾਂ ਨੂੰ ਵੀ ਸ. ਰੇਖੀ ਦੇ ਅਕਾਲ ਚਲਾਣੇ ਦਾ ਬਹੁਤ ਦੁੱਖ ਹੋਇਆ ਹੈ। ਸਿੱਖਸ ਆਫ਼ ਅਮੈਰਿਕਾ ਵਲੋਂ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਅਤੇ ਸਮੁੱਚੇ ਡਾਇਰਕੈਟਰ, ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਚੇਅਰਮੈਨ ਸ. ਚਰਨਜੀਤ ਸਿੰਘ ਸਰਪੰਚ, ਨਿਊਯਾਰਕ ਲੌਂਗ ਆਈਲੈਂਡ ਗੁਰਦੁਆਰਾ ਸਾਹਿਬ ਤੋਂ ਵਿਕਾਸ ਢੱਲ ਨੇ ਵੀ ਸ਼ੋਕ ਸੰਦੇਸ਼ ਭੇਜੇ। ਅੰਤਿਮ ਸਸਕਾਰ ਅਤੇ ਭੋਗ (ਅੰਤਿਮ ਅਰਦਾਸ) ਦੇ ਵੇਰਵੇ ਬਾਅਦ ਵਿਚ ਸਾਂਝੇ ਕੀਤੇ ਜਾਣਗੇ।