#CANADA

ਸਿੱਖ ਕਮਿਊਨਿਟੀ ਲਈ ਸਿੱਖਿਆ ਅਤੇ ਰੁਜ਼ਗਾਰ ਸੰਬੰਧੀ ਵਿਸ਼ਵ ਵਿਆਪੀ ਪਲੇਟਫਾਰਮ ਸਥਾਪਿਤ ਕਰਨ ਦੀ ਲੋੜ – ਡਾ. ਹਰਮੀਕ ਸਿੰਘ

ਕੈਨੇਡੀਅਨ ਪੰਜਾਬੀਆਂ ਲਈ ਬਣੇਗਾ ਵੈਨਕੂਵਰ ਤੋਂ ਅੰਮ੍ਰਿਤਸਰ ਵਾਇਆ ਦੁਬਈ ਟੂਰਿਜ਼ਮ ਪ੍ਰੋਗਰਾਮ
ਸਰੀ, 27 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਦੁਬਈ ਵਿੱਚ ‘ਪਲੈਨ ਬੀ’ ਗਰੁੱਪ ਦੇ ਸੰਸਥਾਪਕ ਤੇ ਮਾਲਕ ਅਤੇ ਦੁਬਈ ਦੇ ਵਪਾਰਕ ਤੇ ਸਮਾਜਿਕ ਖੇਤਰ ਦੀ ਮਾਨਯੋਗ ਸ਼ਖ਼ਸੀਅਤ ਡਾਕਟਰ ਹਰਮੀਕ ਸਿੰਘ ਬੀਤੇ ਦਿਨ ਵੈਨਕੂਵਰ ਆਏ ਅਤੇ ਉਹਨਾਂ ਬੀ.ਸੀ. ਪੰਜਾਬੀ ਪ੍ਰੈਸ ਕਲੱਬ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਆਪਣੀ ਗੱਲਬਾਤ ਦੌਰਾਨ ਉਹਨਾਂ ਸਿੱਖ ਕਮਿਊਨਿਟੀ ਲਈ ਇੱਕ ਅਜਿਹਾ ਪਲੇਟਫਾਰਮ ਸਥਾਪਿਤ ਕਰਨ ‘ਤੇ ਜ਼ੋਰ ਦਿੱਤਾ ਜਿਸ ਰਾਹੀਂ ਸਿੱਖਿਆ ਤੇ ਸਿਸਟਮ ਨੂੰ ਕਾਰਗਰ ਬਣਾ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਇੱਕ ਵਿਸ਼ਵ ਪੱਧਰੀ ਪਲੇਟਫਾਰਮ ਸਥਾਪਿਤ ਕਰਨਾ ਚਾਹੀਦਾ ਜਿਸ ਰਾਹੀਂ ਅਸੀਂ ਆਪਣੀ ਵਿਰਾਸਤੀ ਜਾਣਕਾਰੀ ਨਵੀਂ ਪੀੜ੍ਹੀ ਤੱਕ ਪੁਚਾ ਸਕੀਏ। ਇਸ ਸਬੰਧੀ ਆਪਣੇ ਵੱਲੋਂ ਕੀਤੇ ਜਾ ਰਹੇ ਕਾਰਜ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਅਸੀਂ ਦੁਬਈ ਵਿੱਚ ‘ਸਿੱਖ ਵਰਲਡ’ ਪ੍ਰੋਗਰਾਮ ਕਰਵਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੁਝ ਕਰਨ ਦੇ ਸਮਰੱਥ ਹਨ ਉਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਮਿਊਨਿਟੀ ਲਈ ਆਪਣਾ ਬਣਦਾ ਯੋਗਦਾਨ ਪਾਉਣ। ਅਜਿਹਾ ਨਾ ਕਰਨ ਤੇ ਕਮਿਊਨਿਟੀ ਦਾ ਇਲਜ਼ਾਮ ਉਹਨਾਂ ਦੇ ਸਿਰ ਰਹੇਗਾ। ਉਹਨਾਂ ਕਿਹਾ ਕਿ ਸਭ ਨੂੰ ਸਿੱਖ ਵਰਲਡ ਨਾਲ ਜੁੜਨਾ ਚਾਹੀਦਾ ਹੈ ਜਿੰਨੀ ਵੱਡੀ ਗਿਣਤੀ ਵਿੱਚ ਅਸੀਂ ਇਕੱਠੇ ਹੋਵਾਂਗੇ, ਰਲ ਕੇ ਕੋਈ ਕੰਮ ਕਰਾਂਗੇ ਓਨੀ ਹੀ ਵੱਡੀ ਸਫਲਤਾ ਅਸੀਂ ਹਾਸਲ ਕਰ ਸਕਾਂਗੇ। ਨੌਜਵਾਨ ਪੀੜ੍ਹੀ ਲਈ ਫੰਡਿੰਗ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੰਜਾਬੀ ਭਾਈਚਾਰੇ ਦਾ ਇਕ ਵਿਸ਼ਵ ਪੱਧਰੀ ਪਲੇਟਫਾਰਮ ਹੋਣਾ ਚਾਹੀਦਾ ਹੈ।
ਉਹਨਾਂ ਦੱਸਿਆ ਕਿ ਯੂਏਈ ਵਿੱਚ ਉਹਨਾਂ ਨੇ ਇੱਕ ਅਜਿਹਾ ਪਲੇਟਫਾਰਮ ਸਥਾਪਿਤ ਕੀਤਾ ਹੋਇਆ ਹੈ ਜਿੱਥੇ ਨੌਜਵਾਨਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤੇ ਉਹਨਾਂ ਨੂੰ ਗੁੰਮਰਾਹ ਹੋਣ ਤੋਂ ਅਤੇ ਗ਼ਲਤ ਹੱਥਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਇਸ ਪਲੇਟਫਾਰਮ ਰਾਹੀਂ ਸੈਂਕੜੇ ਕੁੜੀਆਂ ਨੂੰ ਗੁਮਰਾਹਕੁੰਨ ਅਨਸਰਾਂ ਤੋਂ ਬਚਾਇਆ ਗਿਆ ਹੈ। ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਗਲੋਬਲ ਪੱਧਰ ‘ਤੇ ਕਰਕੇ ਅਤੇ ਪਾਰਦਰਸ਼ੀ ਸੋਚ ਅਪਨਾ ਕੇ ਅਸੀਂ ਨੌਜਵਾਨਾਂ ਵਿੱਚ ਵਧ ਰਹੀ ਉਦਾਸੀਨਤਾ ਨੂੰ ਮਿਟਾ ਸਕਦੇ ਹਾਂ। ਉਹਨਾਂ ਆਪਣੇ ਪੱਧਰ ‘ਤੇ ਅਜਿਹਾ ਕਰਨ ਲਈ ਯਤਨ ਜਾਰੀ ਰੱਖਣਗੇ ਦੀ ਗੱਲ ਵੀ ਕਹੀ।
ਡਾ. ਹਰਮੀਕ ਸਿੰਘ ਨੇ ਦੱਸਿਆ ਕਿ ਉਹਨਾਂ ਦੁਬਈ ਵਿੱਚ ਗੁਰੂ ਘਰ ਸਥਾਪਿਤ ਕੀਤਾ ਹੋਇਆ ਹੈ ਅਤੇ ਯੂਏਈ ਦੇ ਪ੍ਰੋਟੋਕਾਲ ਅਨੁਸਾਰ ਉਸ ਗੁਰੂ ਘਰ ਦੇ ਨਾਲ ਇੱਕ ਮਸਜਿਦ ਵੀ ਹੈ। ਉੱਥੇ ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਰਲ ਕੇ ਲੰਗਰ ਛਕਦੇ ਹਨ। ਉਸ ਗੁਰੂ ਘਰ ਵਿੱਚ ਹਰ ਐਤਵਾਰ ਨੂੰ 5 ਹਜਾਰ ਪ੍ਰਾਣੀ ਲੰਗਰ ਛਕਦੇ ਹਨ। ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਦੀ ਦਸਤਾਰ ਇੱਕ ਜ਼ਿੰਮੇਵਾਰੀ ਦੀ ਨਿਸ਼ਾਨੀ ਹੈ। ਦੁਬਈ ਦੇ ਲੋਕਾਂ ਵਿਚ ਸਿੱਖਾਂ ਪ੍ਰਤੀ ਬਹੁਤ ਹੀ ਸਤਿਕਾਰ ਹੈ ਅਤੇ ਉਸ ਸਤਿਕਾਰ ਨੂੰ ਬਰਕਰਾਰ ਰੱਖਣ ਦੇ ਉਦੇਸ਼ ਤਹਿਤ ਹੀ ਉਹ ਆਪਣੀ ਪਹੁੰਚ ਅਨੁਸਾਰ ਕੁਝ ਕਰ ਰਹੇ ਹਨ। ਸਰੀ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨਾਲ ਵੈਨਕੂਵਰ ਤੋਂ ਦੁਬਈ ਤੱਕ ਦਾ ਟੂਰਿਜ਼ਮ ਪ੍ਰੋਗਰਾਮ ਬਣਾਉਣ ਬਾਰੇ ਹੋਏ ਵਿਚਾਰ ਵਟਾਂਦਰੇ ਬਾਰੇ ਉਨ੍ਹਾਂ ਦੱਸਿਆ ਕਿ ਅਸੀਂ ਇਕ ਅਜਿਹਾ ਪ੍ਰੋਗਰਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਵਿਚ ਵੈਨਕੂਵਰ ਤੋਂ ਅੰਮ੍ਰਿਤਸਰ ਹਵਾਈ ਸਫ਼ਰ ਦੌਰਾਨ ਇੱਕ ਜਾਂ ਦੋ ਦਿਨ ਦਾ ਦੁਬਈ ਵਿੱਚ ਠਹਿਰਾਓ ਹੋਵੇ ਅਤੇ ਫਿਰ ਉਥੋਂ ਅੰਮ੍ਰਿਤਸਰ ਲਈ ਸਿੱਧੀ ਉਡਾਨ ਹੋਵੇ। ਇਹ ਪ੍ਰੋਗਰਾਮ ਦੁਬਈ ਟੂਰਿਜ਼ਮ ਨਾਲ ਮਿਲ ਕੇ ਬਣਾਉਣ ਦੀ ਕੋਸ਼ਿਸ਼ ਹੈ ਅਤੇ ਉਹਨਾਂ ਇਸ ਸੰਬੰਧ ਵਿੱਚ ਯੂਏਈ ਦੇ ਟੂਰਿਜ਼ਮ ਮਨਿਸਟਰ ਨਾਲ ਗੱਲਬਾਤ ਕੀਤੀ ਹੈ। ਪੰਜਾਬੀਆਂ ਵਾਸਤੇ ਇਹ ਇੱਕ ਨਵਾਂ ਟੂਰਿਜ਼ਮ ਪਲਾਨ ਬਣੇਗਾ। ਇਹ ਟੂਰਿਜ਼ਮ ਪ੍ਰੋਗਰਾਮ ਜਿੱਥੇ ਪੰਜਾਬੀਆਂ ਵਾਸਤੇ ਲਾਹੇਵੰਦ ਹੋਵੇਗਾ ਉਥੇ ਯੂਏਈ ਗੌਰਮਿੰਟ ਵਾਸਤੇ ਅਤੇ ਟੂਰਿਜ਼ਮ ਨਾਲ ਸੰਬੰਧਤ ਦੁਬਈ ਦੇ ਕਾਰੋਬਾਰੀਆਂ ਵਾਸਤੇ ਵੀ ਫਾਇਦੇਮੰਦ ਹੋਵੇਗਾ। ਇਹ ਪ੍ਰੋਗਰਾਮ ਪੰਜਾਬੀਆਂ ਵਾਸਤੇ ਵੀ ਇੱਕ ਫ਼ਖ਼ਰ ਵਾਲੀ ਗੱਲ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਜੰਮੇ ਪਲੇ ਡਾ. ਹਰਮੀਕ ਸਿੰਘ 2004 ਵਿੱਚ ਦੁਬਈ ਆਏ ਸਨ। ਕੁਝ ਦੇਰ ਨੌਕਰੀ ਕਰਨ ਉਪਰੰਤ ਉਨ੍ਹਾਂ ‘ਪਲਾਨ ਬੀ’ ਗਰੁੱਪ ਦੀ ਸਥਾਪਨਾ ਕੀਤੀ। ਅੰਗਰੇਜ਼ੀ ਸਾਹਿਤ ਵਿੱਚ ਬੈਚੁਲਰ ਦੀ ਡਿਗਰੀ ਨਾਲ ਲੈਸ ਅਤੇ ਬਾਅਦ ਵਿੱਚ ਰੂਸ ਦੀ ਸੰਘੀ ਯੂਨੀਵਰਸਿਟੀ ਤੋਂ ਇੱਕ ਵੱਕਾਰੀ ਡਾਕਟਰੇਟ ਨਾਲ ਸਨਮਾਨਿਤ ਡਾ. ਹਰਮੀਕ ਸਿੰਘ ਨੇ ਸਿਰਜਣਾਤਮਕਤਾ ਅਤੇ ਨਵੀਨਤਾ ਦੀ ਨਿਰੰਤਰ ਖੋਜ ਸ਼ੁਰੂ ਕੀਤੀ। ਡਿਜ਼ਾਈਨ ਅਤੇ ਪ੍ਰਿੰਟ ਵਿੱਚ ਸ਼ੁਰੂਆਤ ਕਰਕੇ ਪਲਾਨ ਬੀ ਗਰੁੱਪ ਇੱਕ ਬਹੁਪੱਖੀ ਪਾਵਰਹਾਊਸ ਵਿੱਚ ਵਿਕਸਤ ਹੋ ਚੁੱਕਿਆ ਹੈ ਜਿਸ ਵਿੱਚ ਇਵੈਂਟਸ, ਮੁਹਿੰਮਾਂ, ਰਣਨੀਤੀ, ਤਕਨਾਲੋਜੀ, ਇੰਟਰਐਕਟੀਵਿਟੀ ਅਤੇ ਗੇਮ-ਬਦਲਣ ਵਾਲੀਆਂ ਪਹਿਲਕਦਮੀਆਂ ਸ਼ਾਮਲ ਹਨ। ਡਾ. ਸਿੰਘ ਦਾ “ਬਾਕਸ ਆਫ਼ ਹੋਪ” ਪ੍ਰੋਜੈਕਟ ਇੱਕ ਮਜ਼ਬੂਤ ਨਿੱਜੀ ਵਚਨਬੱਧਤਾ ਹੈ। ਇਸ ਪ੍ਰੋਜੈਕਟ ਦੀ ਮਦਦ ਨਾਲ ਯੂਏਈ ਵਿੱਚ ਅਜੇ ਵੀ ਕਾਮਿਆਂ ਨੂੰ ਨਵੀਂ ਉਮੀਦ, ਕਾਨੂੰਨੀ ਸਹਾਇਤਾ ਅਤੇ ਸਿੱਖਿਆ ਦਿੱਤੀ ਜਾਂਦੀ ਹੈ।
ਨਾਮਵਰ ਕੰਪਨੀਆਂ ਅਤੇ ਸਰਕਾਰੀ ਸੰਸਥਾਵਾਂ ਦੇ ਨਾਲ ਕੰਮ ਕਰਦੇ ਹੋਏ ਡਾ. ਹਰਮੀਕ ਸਿੰਘ ਨੇ ਕਈ ਦੇਸ਼ਾਂ ਵਿੱਚ ਆਪਣੇ ਦਫਤਰ ਸਥਾਪਿਤ ਕਰਕੇ ਪਲਾਨ ਬੀ ਗਰੁੱਪ ਨੂੰ ਇੱਕ ਵਿਸ਼ਵਵਿਆਪੀ ਤਾਕਤ ਬਣਾਇਆ ਹੈ। ਉਹ ਦੁਬਈ ਵਿਚ ਔਰਤਾਂ ਲਈ ਸਭ ਤੋਂ ਵੱਡੇ ਖੇਡ ਸਮਾਗਮ ‘ਦੁਬਈ ਮਹਿਲਾ ਦੌੜ’ ਦੇ ਚੇਅਰਮੈਨ ਹਨ।