#world

ਸਿੰਗਾਪੁਰ ਫਲਾਈਟ ਹਾਦਸੇ ‘ਚ 104 ਲੋਕ ਜ਼ਖ਼ਮੀ: 22 ਦੀ ਟੁੱਟੀ ਰੀੜ੍ਹ ਦੀ ਹੱਡੀ

ਸਿੰਗਾਪੁਰ,  25 ਮਈ (ਪੰਜਾਬ ਮੇਲ)- ਵਾਯੂਮੰਡਲ ਗੜਬੜੀ ‘ਟਰਬਿਊਲੈਂਸ’ ਦੇ ਕਾਰਨ ਸਿੰਗਾਪੁਰ ਏਅਰਲਾਈਨਜ਼ ਦੀ ਉਡਾਨ ’ਚ 22 ਮੁਸਾਫਰਾਂ ਦੀ ਰੀੜ੍ਹ ਦੀ ਹੱਡੀ ਤੇ 6 ਮੁਸਾਫਰਾਂ ਦੇ ਸਿਰ ’ਚ ਸੱਟਾਂ ਲੱਗੀਆਂ ਹਨ। ਸਮਿਤਿਵੇਜ ਸ਼੍ਰੀਨਾਕਾਰਿਨ ਹਸਪਤਾਲ ਦੇ ਨਿਰਦੇਸ਼ਕ ਡਾ. ਐਡਿਨੁਨ ਕਿੱਟੀਰਤਨਪਾਇਬੂਲ ਨੇ ਦੱਸਿਆ ਕਿ ਮੰਗਲਵਾਰ ਨੂੰ ਉਡਾਨ ਦੇ ਸਮੇਂ ਆਕਾਸ਼ ’ਚ ਜਹਾਜ਼ ਨੂੰ ਝਟਕੇ ਲੱਗਣ ਕਾਰਨ ਜ਼ਖ਼ਮੀ ਹੋਏ 20 ਲੋਕ ਆਈ. ਸੀ. ਯੂ ’ਚ ਹਨ ਪਰ ਕਿਸੇ ਦੇ ਵੀ ਜੀਵਨ ਨੂੰ ਖ਼ਤਰਾ ਨਹੀਂ ਹੈ।

ਦੱਸ ਦੇਈਏ ਕਿ ਲੰਡਨ ਤੋਂ ਸਿੰਗਾਪੁਰ ਲਈ ਉਡਾਨ ਭਰਨ ਵਾਲੇ ਇਸ ਜਹਾਜ਼ ਨੂੰ ਮੰਗਲਵਾਰ ਨੂੰ ਅਚਾਨਕ ਟਰਬੂਲੈਂਸ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਲਗਭਗ 3 ਮਿੰਟ ਦੇ ਅੰਦਰ ਇਹ 6000 ਫੁੱਟ ਹੇਠਾਂ ਆ ਗਿਆ ਸੀ, ਜਿਸ ਕਾਰਨ 73 ਸਾਲਾ ਇਕ ਬ੍ਰਿਟਿਸ਼ ਵਿਅਕਤੀ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਜਹਾਜ਼ ਦੇ ਉਡਾਨ ਭਰਨ ਦੇ ਲਗਭਗ 10 ਘੰਟੇ ਬਾਅਦ 37000 ਫੁੱਟ ਦੀ ਉਚਾਈ ’ਤੇ ਇਰਾਵਦੀ ਬੇਸਿਨ ’ਤੇ ਅਚਾਨਕ ਤੇਜ਼ ਟਰਬੂਲੈਂਸ ਕਾਰਨ ਲਗਭਗ 60 ਯਾਤਰੀ ਜ਼ਖ਼ਮੀ ਹੋ ਗਏ, ਜਦਕਿ ਇਕ ਦੀ ਮੌਤ ਹੋ ਗਈ।

ਦੂਜੇ ਪਾਸੇ ਲੰਡਨ ਤੋਂ ਸਿੰਗਾਪੁਰ ਜਾ ਰਹੀ ਇਸ ਉਡਾਨ ਨੂੰ ਐਮਰਜੈਂਸੀ ਹਾਲਤ ’ਚ ਬੈਂਕਾਕ ’ਚ ਉਤਾਰਿਆ ਗਿਆ ਸੀ। ਦੱਸ ਦੇਈਏ ਕਿ ਇਸ ਹਾਦਸੇ ਦੌਰਾਨ ਉਸ ਜਹਾਜ਼ ’ਚ ਕੁੱਲ 229 ਲੋਕ ਸਵਾਰ ਸਨ, ਜਿਸ ’ਚ 211 ਯਾਤਰੀ ਤੇ 18 ਚਾਲਕ ਦਲ ਦੇ ਮੈਂਬਰ ਸੀ। ਸਿੰਗਾਪੁਰ ਫਲਾਈਟ ਹਾਦਸੇ ‘ਚ 104 ਲੋਕ ਜ਼ਖ਼ਮੀ ਹੋ ਗਏ। ਟਰਬੂਲੈਂਸ ਕਾਰਨ ਜ਼ਖ਼ਮੀ ਹੋਣ ਨਾਲ ਹਸਪਤਾਲ ’ਚ ਭਰਤੀ ਸਭ ਤੋਂ ਬਜ਼ੁਰਗ ਮਰੀਜ਼ ਦੀ ਉਮਰ 83 ਸਾਲ ਹੈ। ਕਿੱਟੀਰਤਨਪਾਇਬੂਲ ਨੇ ਦੱਸਿਆ ਕਿ ਹਸਪਤਾਲ ’ਚ ਉਡਾਨ ਗਿਣਤੀ ਐੱਸ.ਕਿਊ. 321 ਦੇ 40 ਮਰੀਜ਼ ਭਰਤੀ ਹਨ।