#EUROPE

ਸਿੰਗਾਪੁਰ ‘ਚ ਅੱਲੜ੍ਹ ਕੁੜੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ

ਸਿੰਗਾਪੁਰ, 2 ਜੂਨ (ਪੰਜਾਬ ਮੇਲ)- ਸਿੰਗਾਪੁਰ ਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ 16 ਸਾਲ ਦੀ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ, ਉਸ ਦੀ ਵੀਡੀਓ ਬਣਾਉਣ ਅਤੇ ਉਸ ਤੋਂ ਜਬਰੀ ਵਸੂਲੀ ਕਰਨ ਦੇ ਦੋਸ਼ ਵਿਚ ਤਿੰਨ ਸਾਲ ਤੋਂ ਵੱਧ ਕੈਦ ਅਤੇ ਤਿੰਨ ਬੈਂਤ ਮਾਰੇ ਜਾਣ ਦੀ ਸਜ਼ਾ ਸੁਣਾਈ ਗਈ ਹੈ।
ਚੈਨਲ ‘ਨਿਊਜ਼ ਏਸ਼ੀਆ’ ਦੀ ਸੋਮਵਾਰ ਨੂੰ ਨਸ਼ਰ ਇੱਕ ਰਿਪੋਰਟ ਦੇ ਅਨੁਸਾਰ, 27 ਸਾਲਾ ਮਾਰਕ ਜਸਟਿਨ ਲੈਂਡਰੀਓ ਚੰਦਰਮੋਹਨ ਸ਼ੁੱਕਰਵਾਰ ਤੋਂ ਜੇਲ੍ਹ ਵਿਚ ਕੈਦ ਅਤੇ ਬੈਂਤਾਂ ਦੀ ਸਜ਼ਾ ਭੁਗਤੇਗਾ, ਕਿਉਂਕਿ ਉਸ ਨੂੰ ਆਪਣੇ ਕਰਜ਼ੇ ਦਾ ਨਿਬੇੜਾ ਕਰਨ ਲਈ ਕੁਝ ਦਿਨ ਦਿੱਤੇ ਗਏ ਸਨ।
ਚੈਨਲ ਨਿਊਜ਼ ਏਸ਼ੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਚੰਦਰਮੋਹਨ ਤੇ ਲੜਕੀ ਅਸਲ ਵਿਚ ”ਸ਼ੂਗਰ ਡੈਡੀ” ਪ੍ਰਬੰਧ ਵਿਚ ਰਹਿ ਰਹੇ ਸਨ, ਪਰ ਜਦੋਂ ਬਾਅਦ ਵਿਚ ਕੁੜੀ ਇਸ ਪ੍ਰਬੰਧ ਤੋਂ ਪਿੱਛੇ ਹਟ ਗਈ, ਤਾਂ ਚੰਦਰਮੋਹਨ ਨੇ ਉਸ ‘ਤੇ ਦਬਾਅ ਪਾਇਆ ਤੇ ਬਲੈਕਮੇਲ ਕੀਤਾ ਸੀ।
ਉਸ ਨੂੰ ਸੱਤ ਦੋਸ਼ਾਂ ਤਹਿਤ ਦੋਸ਼ੀ ਮੰਨਿਆ ਸੀ, ਜਿਸ ਵਿਚ ਵਪਾਰਕ ਜਿਨਸੀ ਸਬੰਧ ਹਾਸਲ ਕਰਨ ਲਈ ਕਿਸੇ ਹੋਰ ਵਿਅਕਤੀ ਨਾਲ ਸੰਚਾਰ ਕਰਨਾ, ਅਸ਼ਲੀਲ ਤਸਵੀਰਾਂ ਅਤੇ ਵੀਡੀਓ ਵੰਡ ਕੇ ਉਕਸਾਉਣਾ, ਜਬਰੀ ਵਸੂਲੀ, ਧੋਖਾਧੜੀ, ਅਸ਼ਲੀਲ ਫਿਲਮਾਂ ਬਣਾਉਣਾ ਅਤੇ ਕਿਸੇ ਹੋਰ ਵਿਅਕਤੀ ਨੂੰ ਬਿਨਾਂ ਅਧਿਕਾਰ ਦੇ ਕੰਪਿਊਟਰ ਫੰਕਸ਼ਨ ਕਰਨ ਲਈ ਉਕਸਾਉਣਾ ਸ਼ਾਮਲ ਹਨ।
ਪ੍ਰਿੰਸੀਪਲ ਜ਼ਿਲ੍ਹਾ ਜੱਜ ਵਿਕਟਰ ਯੇਓ ਖੀ ਇੰਗ ਨੇ ਨੌਂ ਹੋਰ ਦੋਸ਼ਾਂ ‘ਤੇ ਵੀ ਵਿਚਾਰ ਕੀਤਾ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਸ਼ਲੀਲ ਫਿਲਮਾਂ ਬਣਾਉਣ ਨਾਲ ਸਬੰਧਤ ਸਨ। ਚੰਦਰਮੋਹਨ ਨੇ ਪੀੜਤਾ ਤੋਂ ਇਲਾਵਾ ਦੋ ਹੋਰ ਔਰਤਾਂ ਨਾਲ ਵੀ ਜਿਨਸੀ ਹਰਕਤਾਂ ਕੀਤੀਆਂ ਸਨ।
ਆਪਣੀ ਸਜ਼ਾ ਸੁਣਾਉਣ ਵਾਲੀ ਟਿੱਪਣੀ ਵਿਚ, ਜੱਜ ਯੇਓ ਨੇ ਕਿਹਾ ਕਿ ਦੋਸ਼ੀ ਨੇ ਇੱਕ ਨੌਜਵਾਨ ਅਤੇ ਭੋਲੀ-ਭਾਲੀ ਪੀੜਤਾ ਦਾ ਸ਼ਿਕਾਰ ਕੀਤਾ ਹੈ। ਜੱਜ ਯੇਓ ਨੇ ਕਿਹਾ ਕਿ ਅਦਾਲਤ ਚੰਦਰਮੋਹਨ ਦੀਆਂ ਕਰਤੂਤਾਂ ਦੇ ਪੀੜਤਾ ‘ਤੇ ਪਏ ਮਾੜੇ ਪ੍ਰਭਾਵ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ, ਕਿਉਂਕਿ ਪੀੜਤਾ ਨੇ ਕਿਹਾ ਹੈ ਕਿ ਇਸ ਘਟਨਾ ਨਾਲ ਉਸ ਦੇ ਪਰਿਵਾਰ ਨਾਲ ਸਬੰਧ ਪ੍ਰਭਾਵਿਤ ਹੋਏ ਸਨ।
ਜਬਰੀ ਵਸੂਲੀ ਲਈ ਦੋ ਤੋਂ ਸੱਤ ਸਾਲ ਦੀ ਕੈਦ ਅਤੇ ਬੈਂਤ ਮਾਰਨ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰ੍ਹਾਂ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੀਆਂ ਜਿਨਸੀ ਸੇਵਾਵਾਂ ਪ੍ਰਾਪਤ ਕਰਨ ਲਈ ਕਿਸੇ ਨਾਲ ਸੰਚਾਰ ਕਰਨ ਉਤੇ ਮੁਜਰਮ ਨੂੰ ਦੋ ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।