#PUNJAB

ਸਿਮਰਨਜੀਤ ਸਿੰਘ ਮਾਨ ਦਾ ਖਡੂਰ ਸਾਹਿਬ ਹਲਕੇ ‘ਤੇ ਯੂ-ਟਰਨ!

ਖਡੂਰ ਸਾਹਿਬ, 15 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਡੂਰ ਸਾਹਿਬ ਹਲਕੇ ‘ਚ ਇਕ ਸਿਆਸੀ ਧਮਾਕਾ ਕੀਤਾ ਗਿਆ ਹੈ। ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਵੱਲੋਂ ਪਿਛਲੇ ਦਿਨੀਂ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਐਲਾਨ ਕੀਤੇ ਉਮੀਦਵਾਰ ਹਰਪਾਲ ਸਿੰਘ ਬਲੇਰ ਨੂੰ ਉਸ ਹਲਕੇ ਤੋਂ ਚੋਣ ਨਾ ਲੜਾਉਣ ਦਾ ਮਨ ਬਣਾ ਲਿਆ ਸੀ ਅਤੇ ਅੰਮ੍ਰਿਤਪਾਲ ਸਿੰਘ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਸੀ।
ਅੰਮ੍ਰਿਤਪਾਲ ਸਿੰਘ ਨੇ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਪਰ ਅਚਾਨਕ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣਾ ਫੈਸਲਾ ਵਾਪਸ ਲੈਂਦਿਆਂ ਪਹਿਲਾਂ ਐਲਾਨੇ ਉਮੀਦਵਾਰ ਹਰਪਾਲ ਸਿੰਘ ਬਲੇਰ ਨੂੰ ਇਕ ਵਾਰ ਫਿਰ ਚੋਣ ਮੈਦਾਨ ਵਿਚ ਲੈ ਆਂਦਾ ਅਤੇ ਉਸ ਦੀ ਨਾਮਜ਼ਦਗੀ ਦਾਖਲ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਜੇ ਅੰਮ੍ਰਿਤਪਾਲ ਦੀ ਨਾਮਜ਼ਦਗੀ ਕਾਨੂੰਨੀ ਤੌਰ ‘ਤੇ ਮਨਜ਼ੂਰ ਹੋ ਜਾਂਦੀ ਹੈ, ਤਾਂ ਅਸੀਂ ਆਪਣੀ ਨਾਮਜ਼ਦਗੀ ਵਾਪਸ ਲੈ ਸਕਦੇ ਹਾਂ।
ਖਡੂਰ ਸਾਹਿਬ ਹਲਕੇ ਤੋਂ ਕੁੱਲ 43 ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੈ।