-ਸਿੱਖ ਧਰਮ ‘ਚ ਸੇਵਾ ਅਤੇ ਲੰਗਰ ਦੀ ਮਹੱਤਤਾ ਸੰਬੰਧੀ ਸਾਂਝੀ ਕੀਤੀ ਜਾਣਕਾਰੀ
ਸਿਨਸਿਨਾਟੀ (ਓਹਾਇਓ), 31 ਜੁਲਾਈ (ਪੰਜਾਬ ਮੇਲ)- ਗੁਰੂ ਨਾਨਕ ਸੁਸਾਇਟੀ ਆਫ਼ ਗ੍ਰੇਟਰ ਸਿਨਸਿਨਾਟੀ ਅਤੇ ਡੇਟਨ ਤੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਹਾਲ ਹੀ ਵਿਚ ਸਿਨਸਿਨਾਟੀ, ਓਹਾਇਓ ਵਿਚ ”ਦ ਐਪੀਸਕੋਪਲ ਚਰਚ ਆਫ਼ ਦਿ ਰੀਡੀਮਰ” ਵਿਖੇ ਆਯੋਜਿਤ ”ਇੰਟਰਫੇਥ ਕੰਨਵਰਸੇਸ਼ਨ ਐਂਡ ਕੁਜ਼ੀਨ” ਸਮਾਗਮ ਵਿਚ ਹਿੱਸਾ ਲਿਆ। ਇਸ ਇਕੱਠ ਦਾ ਮੰਤਵ ਵੱਖ-ਵੱਖ ਧਾਰਮਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਖਾਣੇ ‘ਤੇ ਇਕੱਠੇ ਕਰਕੇ ਆਪਸ ‘ਚ ਆਪਣੇ ਧਰਮ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। ਇਸ ਸਮਾਗਮ ਵਿਚ ਸਿੱਖ ਭਾਈਚਾਰੇ ਤੋਂ ਇਲਾਵਾ ਜਿਉਜ਼ ਕਮਿਊਨਿਟੀ ਕੌਂਸਲ, ਹਿੰਦੂ ਟੈਂਪਲ ਆਫ ਗ੍ਰੇਟਰ ਸਿਨਸਿਨਾਟੀ, ਇਸਲਾਮਿਕ ਸੈਂਟਰ ਆਫ ਗ੍ਰੇਟਰ ਸਿਨਸਿਨਾਟੀ, ਬਹਾਈ ਅਤੇ ਹੋਰ ਧਰਮਾਂ ਦੇ ਮੈਂਬਰ ਸ਼ਾਮਲ ਸਨ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਮਿਊਨਿਟੀ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਜਿਵੇਂ ਕਿ ਸੇਵਾ, ਕਿਰਤ ਕਰੋ, ਨਾਮ ਜਪੋ ਦੀ ਮਹੱਤਤਾ ਬਾਰੇ ਦੱਸਿਆ। ਗੁਮਟਾਲਾ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਮੈਂਬਰਾਂ ਨੂੰ ਖਾਣੇ ਦੇ ਟੇਬਲਾਂ ‘ਤੇ ਇਕੱਠੇ ਬਿਠਾਇਆ ਗਿਆ ਸੀ, ਤਾਂ ਜੋ ਉਹ ਇੱਕ-ਦੂਜੇ ਨਾਲ ਆਪਣੇ ਧਰਮ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਸਾਂਝੀ ਕਰ ਸਕਣ। ਉਨ੍ਹਾਂ ਕਿਹਾ, ”ਇਹ ਦੇਖਣਾ ਬਹੁਤ ਉਤਸ਼ਾਹਜਨਕ ਹੈ ਕਿ ਹਰ ਉਮਰ ਦੇ ਲੋਕ ਇਸ ਸਮਾਗਮ ਦਾ ਹਿੱਸਾ ਹਨ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਏਕਤਾ ਬਣਾਉਣ ਅਤੇ ਕਾਇਮ ਰੱਖਣ ਲਈ ਅਜਿਹੇ ਸਮਾਗਮ ਬਹੁਤ ਮਹੱਤਤਾ ਰੱਖਦੇ ਹਨ।
ਹਾਈ ਸਕੂਲ ਅਤੇ ਕਾਲਜ ‘ਚ ਪੜ੍ਹ ਰਹੇ ਸਿੱਖ ਨੌਜਵਾਨ ਕੀਰਤ ਸਿੰਘ, ਜਪਨੀਤ ਸਿੰਘ, ਮਾਨਿਤ ਸਿੰਘ ਅਤੇ ਮਿਹਰ ਕੌਰ ਨੇ ਵੀ ਹੋਰ ਧਰਮਾਂ ਦੇ ਮੈਂਬਰਾਂ ਨਾਲ ਸਰਗਰਮੀ ਨਾਲ ਸ਼ਮੂਲੀਅਤ ਕੀਤੀ। 10ਵੀਂ ਜਮਾਤ ਦੀ ਵਿਦਿਆਰਥਣ ਮਿਹਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖਾਣੇ ਦੇ ਟੇਬਲ ‘ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ‘ਚ ਸੇਵਾ ਅਤੇ ਲੰਗਰ ਦੀ ਮਹੱਤਤਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ ਅਸੀਸ ਕੌਰ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਧਰਪ ਤੇ ਹੋਰ ਪ੍ਰੰਪਰਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਦਿੱਤਾ।
ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚ ਡਾ: ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਹਰਵਿੰਦਰ ਸਿੰਘ ਅਤੇ ਰਸਪ੍ਰੀਤ ਕੌਰ ਵੀ ਸ਼ਾਮਲ ਸਨ। ਇਨ੍ਹਾਂ ਸਾਰੇ ਮਹਿਮਾਨਾਂ ਨੇ ਚਰਚ ਵੀ ਦੇਖਿਆ, ਜਿੱਥੇ ਉਨ੍ਹਾਂ ਨੂੰ ਰੇਵ. ਮੈਲਾਨੀ ਸਲੇਨ ਨੇ ਸਿਨਸਿਨਾਟੀ ਸਥਿਤ ਇਸ ਚਰਚ ਦੇ ਇਤਿਹਾਸ, ਹਫਤਾਵਾਰੀ ਪ੍ਰੋਗਰਾਮਾਂ ‘ਚ ਬਾਈਬਲ ਤੋਂ ਦਿੱਤੇ ਜਾਂਦੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ।
ਗਿਆਨ ਭਰਪੂਰ ਵਿਚਾਰ-ਵਟਾਂਦਰੇ ਤੋਂ ਇਲਾਵਾ, ਮੈਂਬਰਾਂ ਨੇ ਉੱਥੇ ਮੌਜੂਦ ਵਿਭਿੰਨ ਸੱਭਿਆਚਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਕਈ ਮੁਲਕਾਂ ਦੇ ਕਈ ਤਰ੍ਹਾਂ ਦੇ ਪਕਵਾਨਾਂ ਦਾ ਆਨੰਦ ਮਾਣਿਆ।
ਫੋਟੋ ਸਰੋਤ
ਸਮੀਪ ਸਿੰਘ ਗੁਮਟਾਲਾ