#PUNJAB

ਸਿਟ ਵੱਲੋਂ ਬਹਿਬਲ-ਕੋਟਕਪੂਰਾ ਗੋਲੀ ਕਾਂਡ ਬਾਰੇ ਸਟੇਟਸ ਰਿਪੋਰਟ ਅਦਾਲਤ ‘ਚ ਪੇਸ਼

* 20 ਜਨਵਰੀ ਨੂੰ ਹੋਵੇਗੀ ਬਹਿਸ
* ਬਹਿਬਲ ਇਨਸਾਫ਼ ਮੋਰਚਾ ਸਮਾਪਤ ਕਰਨ ਦਾ ਐਲਾਨ
ਫਰੀਦਕੋਟ, 23 ਦਸੰਬਰ (ਪੰਜਾਬ ਮੇਲ)- ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਸਬੰਧੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਸੀਲਬੰਦ ਸਟੇਟਸ ਰਿਪੋਰਟ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿਚ ਪੇਸ਼ ਕਰ ਦਿੱਤੀ ਹੈ। ਇਹ ਰਿਪੋਰਟ 20 ਜਨਵਰੀ ਨੂੰ ਅਦਾਲਤ ਵਿਚ ਖੋਲ੍ਹੇ ਜਾਣ ਦੀ ਸੰਭਾਵਨਾ ਹੈ। ਅਦਾਲਤ ਵਿਚ ਅੱਜ ਕੇਸ ਦੀ ਸੁਣਵਾਈ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਤਤਕਾਲੀ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਏ, ਜਦੋਂਕਿ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸੁਹੇਲ ਸਿੰਘ ਬਰਾੜ ਅਤੇ ਸਾਬਕਾ ਐੱਸ.ਐੱਚ.ਓ. ਅਮਰਜੀਤ ਸਿੰਘ ਨਿੱਜੀ ਤੌਰ ‘ਤੇ ਅਦਾਲਤ ਵਿਚ ਹਾਜ਼ਰ ਸਨ। ਅਦਾਲਤ ਨੇ ਕਿਹਾ ਕਿ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਬਾਰੇ 20 ਜਨਵਰੀ ਨੂੰ ਬਹਿਸ ਸੁਣੀ ਜਾਵੇਗੀ। ਅਦਾਲਤ ‘ਚ ਸਟੇਟਸ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪਿਛਲੇ ਦੋ ਸਾਲਾਂ ਤੋਂ ਗੋਲੀ ਕਾਂਡ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੱਗੇ ਇਨਸਾਫ ਮੋਰਚੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਬਹਿਬਲ ਗੋਲੀ ਕਾਂਡ ਬਾਰੇ ਆਪਣੀ ਸਟੇਟਸ ਰਿਪੋਰਟ ਸੀਲਬੰਦ ਲਿਫਾਫੇ ਵਿਚ ਅਦਾਲਤ ਸਾਹਮਣੇ ਪੇਸ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹਨ। ਬਹਿਬਲ ਇਨਸਾਫ ਮੋਰਚਾ ਇੱਕ ਦਿਨ ਬਾਅਦ ਸੰਗਤ ਦੇ ਸ਼ੁਕਰਾਨੇ ਤੋਂ ਬਾਅਦ ਸਮਾਪਤ ਕਰ ਦਿੱਤਾ ਜਾਵੇਗਾ।
ਡੀ.ਐੱਸ.ਪੀ. ਆਸਵੰਤ ਸਿੰਘ ਨੇ ਕਿਹਾ ਕਿ ਜਾਂਚ ਟੀਮ ਨੇ ਆਪਣੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕਰ ਦਿੱਤੀ ਹੈ। ਇਨ੍ਹਾਂ ਕੇਸਾਂ ਵਿਚ ਨਾਮਜ਼ਦ ਮੁਲਜ਼ਮਾਂ ਨੇ ਜਾਂਚ ਟੀਮ ਦੀ ਰਿਪੋਰਟ ਨੂੰ ਨਿਰਆਧਾਰ ਕਹਿੰਦਿਆਂ ਖਾਰਜ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਸਾਬਕਾ ਜਾਂਚ ਅਧਿਕਾਰੀ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ ਅਦਾਲਤ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਉਨ੍ਹਾਂ ਖ਼ਿਲਾਫ਼ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਜ਼ਰੂਰ ਸੁਣਿਆ ਜਾਵੇ। ਗੋਲੀ ਕਾਂਡ ਦੇ ਗਵਾਹਾਂ ਨੇ ਪਿਛਲੇ ਸਮੇਂ ਆਈ.ਜੀ. ਕੁੰਵਰ ਵਿਜੈ ਪ੍ਰਤਾਪ ‘ਤੇ ਵੀ ਦੋਸ਼ ਲਾਏ ਸਨ।