#CANADA

ਸਿਖਰ ਵਾਰਤਾ ‘ਚ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੋਵੇਗੀ ਟਰੂਡੋ ਦੀ ਤਰਜੀਹ

ਟੋਰਾਂਟੋ, 5 ਸਤੰਬਰ (ਪੰਜਾਬ ਮੇਲ)- ਹੁਣ ਕੈਨੇਡਾ ਦੀਆਂ ਨਜ਼ਰਾਂ ਏਸ਼ੀਆ ਤੇ ਇੰਡੋ ਪੈਸੇਫਿਕ ਰੀਜਨ ਦੀਆਂ ਟਰੇਡ ਮਾਰਕਿਟਸ ਉੱਤੇ ਹਨ। ਕੌਮਾਂਤਰੀ ਸਿਖਰਵਾਰਤਾ ਤੇ ਦੁਵੱਲੀਆਂ ਮੀਟਿੰਗਜ਼ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਹਫਤੇ ਲਈ ਰੀਜਨ ਦੇ ਦੌਰੇ ਉੱਤੇ ਜਾ ਰਹੇ ਹਨ।
ਇਸ ਦੌਰਾਨ ਟਰੂਡੋ ਛੇ ਦਿਨਾਂ ਲਈ ਇੰਡੋਨੇਸ਼ੀਆ, ਸਿੰਗਾਪੁਰ ਤੇ ਭਾਰਤ ਰੁਕਣਗੇ। ਇਸ ਦੌਰੇ ਦਾ ਮੁੱਖ ਮਕਸਦ ਏਸ਼ੀਆਈ ਆਗੂਆਂ ਨਾਲ ਸਬੰਧ ਮਜ਼ਬੂਤ ਕਰਨਾ ਹੈ। ਗਲੋਬਲ ਗ੍ਰੀਨ ਐਨਰਜੀ ਤਬਦੀਲੀਆਂ ਦਰਮਿਆਨ ਰੀਜਨ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦਰਮਿਆਨ ਕੈਨੇਡਾ ਖੁਦ ਨੂੰ ਅਹਿਮ ਖਿਡਾਰੀ ਵਜੋਂ ਵੇਖ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ ਚਾਹੁੰਦਾ ਹੈ ਕਿ ਚੀਨ ਤੋਂ ਪਾਸੇ ਵੀ ਵੱਖਰੇ ਰੀਜਨ ਵਿਚ ਉਹ ਆਪਣੇ ਕਾਰੋਬਾਰ ਵਿਚ ਵੰਨ-ਸੁਵੰਨਤਾ ਲਿਆ ਸਕੇ। ਪਿਛਲੇ ਸਾਲ ਕੈਨੇਡਾ ਨੇ ਨਵੀਂ ਇੰਡੋ-ਪੈਸੇਫਿਕ ਰਣਨੀਤੀ ਲਾਂਚ ਕੀਤੀ ਸੀ, ਤਾਂ ਕਿ ਚੀਨ ਦੇ ਦਬਦਬੇ ਨੂੰ ਘਟਾਉਣ ਲਈ ਕਾਰੋਬਾਰ ਨੂੰ ਹੋਰਨਾਂ ਖੇਤਰਾਂ ਵਿਚ ਵਧਾ ਸਕੇ।
ਜ਼ਿਕਰਯੋਗ ਹੈ ਕਿ ਕੈਨੇਡਾ, ਇੰਡੋਨੇਸ਼ੀਆ ਨਾਲ ਅਹਿਮ ਟਰੇਡ ਸਮਝੌਤਾ ਕਰਨ ਦੇ ਕਾਫੀ ਨੇੜੇ ਹੈ ਤੇ ਭਾਰਤ ਨਾਲ ਵੀ ਕਾਰੋਬਾਰੀ ਗੱਲਬਾਤ ਆਰਜ਼ੀ ਤੌਰ ਉੱਤੇ ਰੋਕੀ ਗਈ ਸੀ। ਸਿੰਗਾਪੁਰ ਨਾਲ ਕੈਨੇਡਾ ਪਹਿਲਾਂ ਹੀ ਵਪਾਰਕ ਸਮਝੌਤਾ ਕਰ ਚੁੱਕਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਨਾਲ ਟਰੂਡੋ ਨੂੰ ਬਹੁਤ ਹੀ ਸੰਭਲ ਕੇ ਚੱਲਣਾ ਹੋਵੇਗਾ ਕਿਉਂਕਿ ਉਹ ਉੱਥੇ ਵਪਾਰ ਲਈ ਜਾ ਰਹੇ ਹਨ, ਸਿਰਫ ਫੋਟੋਆਂ ਖਿਚਵਾਉਣ ਲਈ ਨਹੀਂ ਜਾ ਰਹੇ। ਸਾਨੂੰ ਉਨ੍ਹਾਂ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨੇ ਹੋਣਗੇ। ਇੱਕ ਦੂਜੇ ਦੇ ਸੱਭਿਆਚਾਰ ਨੂੰ ਸਮਝਣਾ ਹੋਵੇਗਾ। ਸਾਡੀ ਤਰਜੀਹ ਵਪਾਰ ਤੇ ਅਰਥਚਾਰਾ ਹੋਣੀ ਚਾਹੀਦੀ ਹੈ।

Leave a comment