#INDIA

ਸਾਵਰਕਰ ਟਿੱਪਣੀ ਮਾਮਲਾ: ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ

ਪੁਣੇ ਦੀ ਅਦਾਲਤ ਨੇ 25 ਹਜ਼ਾਰ ਰੁਪਏ ਦੇ ਬਾਂਡ ‘ਤੇ ਦਿੱਤੀ ਜ਼ਮਾਨਤ
ਪੁਣੇ, 10 ਜਨਵਰੀ (ਪੰਜਾਬ ਮੇਲ)- ਪੁਣੇ ਦੀ ਵਿਸ਼ੇਸ਼ ਅਦਾਲਤ ਨੇ ਹਿੰਦੂ ਵਿਚਾਰਧਾਰਕ ਵੀ.ਡੀ. ਸਾਵਰਕਰ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਨਾਲ ਜੁੜੇ ਮਾਣਹਾਨੀ ਮਾਮਲੇ ‘ਚ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਹੈ। ਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਵਿਸ਼ੇਸ਼ ਅਦਾਲਤ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ‘ਚ ਪੇਸ਼ ਹੋਣ ਮਗਰੋਂ 25 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਜ਼ਮਾਨਤ ਦੇ ਦਿੱਤੀ। ਸੀਨੀਅਰ ਕਾਂਗਰਸ ਆਗੂ ਮੋਹਨ ਜੋਸ਼ੀ ਅਦਾਲਤ ‘ਚ ਜ਼ਮਾਨਤਦਾਰ ਵਜੋਂ ਪੇਸ਼ ਹੋਏ। ਗਾਂਧੀ ਵੱਲੋਂ ਪੇਸ਼ ਵਕੀਲ ਮਿਲਿੰਦ ਪਵਾਰ ਨੇ ਕਿਹਾ ਕਿ ਅਦਾਲਤ ਨੇ ਕਾਂਗਰਸ ਆਗੂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਹੈ। ਪਵਾਰ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 18 ਫਰਵਰੀ ਨੂੰ ਹੋਵੇਗੀ। ਇਹ ਮਾਮਲਾ ਸਾਵਰਕਰ ਦੇ ਪੋਤਰੇ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਸੀ ਤੇ ਮਾਰਚ 2023 ‘ਚ ਲੰਡਨ ਵਿਚ ਗਾਂਧੀ ਵੱਲੋਂ ਦਿੱਤੇ ਭਾਸ਼ਣ ਨਾਲ ਸਬੰਧਤ ਸੀ। ਗਾਂਧੀ ਨੇ ਆਪਣੀ ਤਕਰੀਰ ਵਿਚ ਆਜ਼ਾਦੀ ਘੁਲਾਟੀਏ ਵੱਲੋਂ ਲਿਖੀ ਕਿਤਾਬ ਦੇ ਹਵਾਲੇ ਨਾਲ ਸਾਵਰਕਰ ਬਾਰੇ ਟਿੱਪਣੀਆਂ ਕੀਤੀਆਂ ਸਨ।