#AMERICA

ਸਾਲ 2025 ‘ਚ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਟਰੰਪ ਦੀ ਤਲਵਾਰ ਦਾ ਖਤਰਾ

-ਗੁਰਜਤਿੰਦਰ ਸਿੰਘ ਰੰਧਾਵਾ
ਵਾਸ਼ਿੰਗਟਨ ਡੀ.ਸੀ., 25 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਚੋਣਾਂ ਦੌਰਾਨ ਅਮਰੀਕਾ ਵਿਚ ਗੈਰ ਪ੍ਰਵਾਸੀਆਂ ਨੂੰ ਰੋਕਣ ਦੀ ਜੋ ਸਹੁੰ ਖਾਧੀ ਸੀ, ਉਸ ਨੂੰ ਪੂਰਾ ਕਰਨ ਲਈ ਉਸ ਨੇ ਵੱਡੀ ਟੀਮ ਤਿਆਰ ਕਰ ਲਈ ਹੈ। ਟਰੰਪ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਵਜ਼ਾਰਤ ਵਿਚ ਰੱਖਿਆ ਹੈ, ਜਿਹੜੇ ਕਿ ਪਹਿਲਾਂ ਹੀ ਅਮਰੀਕਾ ‘ਚ ਨਾਜਾਇਜ਼ ਘੁਸਪੈਠ ਦੇ ਖਿਲਾਫ ਸਨ। 20 ਜਨਵਰੀ ਨੂੰ ਡੋਨਾਲਡ ਟਰੰਪ ਸਹੁੰ ਚੁੱਕਣ ਜਾ ਰਹੇ ਹਨ। ਚੋਣਾਂ ਤੋਂ ਪਹਿਲਾਂ ਹੀ ਇਨ੍ਹਾਂ ਦੀ ਕਾਰਗੁਜ਼ਾਰੀ ਤੋਂ ਇੰਝ ਲੱਗ ਰਿਹਾ ਹੈ ਕਿ ਇਸ ਵਾਰ ਇਹ ਆਪਣੀ ਕਹਿਣੀ ਤੇ ਕਰਨੀ ਦੇ ਪਾਬੰਦ ਰਹਿਣਗੇ। ਚੋਣਾਂ ਤੋਂ ਪਹਿਲਾਂ ਟਰੰਪ ਨੇ ਜਿਹੜੇ ਵਾਅਦੇ ਅਮਰੀਕੀਆਂ ਨਾਲ ਕੀਤੇ ਸਨ, ਉਹ ਉਨ੍ਹਾਂ ਨੂੰ ਇੰਨ-ਬਿੰਨ ਲਾਗੂ ਕਰਾਉਣ ਲਈ ਕੰਮ ਕਰਨਗੇ। ਟਰੰਪ ਜਦੋਂ ਪਹਿਲੀ ਵਾਰ ਚੁਣੇ ਗਏ ਸਨ, ਉਸ ਵਕਤ ਵੀ ਉਨ੍ਹਾਂ ਨੇ ਮੈਕਸੀਕੋ ਦੇ ਬਾਰਡਰ ‘ਤੇ ਵੱਡੀ ਕੰਧ ਉਸਾਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਕਿ ਉਨ੍ਹਾਂ ਨੇ ਕਾਫੀ ਹੱਦ ਤੱਕ ਪੂਰਾ ਕੀਤਾ ਸੀ। ਬਹੁਤ ਸਾਰੇ ਅਜਿਹੇ ਬਿੱਲ ਵਾਪਸ ਲੈ ਲਏ ਸਨ, ਜਿਹੜੇ ਕਿ ਪਹਿਲੀਆਂ ਸਰਕਾਰਾਂ ਵੇਲੇ ਪਾਸ ਕੀਤੇ ਗਏ ਸਨ। ਇਸ ਵਾਰ ਵੀ ਕੁੱਝ ਅਜਿਹਾ ਹੀ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਵਾਰ ਟਰੰਪ ਨੇ ਮੈਕਸੀਕੋ ਦੇ ਨਾਲ-ਨਾਲ ਕੈਨੇਡਾ ਅਤੇ ਚੀਨ ਸਮੇਤ ਕੁੱਝ ਹੋਰ ਮੁਲਕਾਂ ‘ਤੇ ਵੀ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੇ ਤੁਸੀਂ ਆਪਣੇ ਦੇਸ਼ਾਂ ਤੋਂ ਗੈਰ ਕਾਨੂੰਨੀ ਲੋਕਾਂ ਦੀ ਘੁਸਪੈਠ ਅਤੇ ਨਸ਼ੇ ਆਦਿ ਵਰਗੇ ਸਾਮਾਨ ਦੀ ਸਮਗਲਿੰਗ ਬੰਦ ਨਹੀਂ ਕੀਤੀ, ਤਾਂ ਤੁਹਾਡੇ ਮੁਲਕਾਂ ਤੋਂ ਆਉਣ ਵਾਲੇ ਸਾਮਾਨ ‘ਤੇ ਵੱਡਾ ਟੈਰਿਫ ਲਾਇਆ ਜਾਵੇਗਾ।
ਟਰੰਪ ਨੇ ਅੰਤਰਰਾਸ਼ਟਰੀ ਪੱਧਰ ‘ਤੇ ਜਿੱਥੇ ਅਜਿਹੇ ਮੁੱਦਿਆਂ ‘ਤੇ ਐਲਾਨ ਕੀਤੇ ਹਨ, ਉਥੇ ਸਥਾਨਕ ‘ਡਾਕਾ’ ਨੂੰ ਵੀ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਟਰੰਪ ਨੇ ਵੱਡੀ ਗਿਣਤੀ ਵਿਚ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਭੇਜਣ ਦਾ ਤਹੱਈਆ ਕੀਤਾ ਹੋਇਆ ਹੈ। ਇਸ ਤੋਂ ਲੱਗਦਾ ਹੈ ਕਿ ਟਰੰਪ ਲੱਖਾਂ ਦੀ ਗਿਣਤੀ ਵਿਚ ਗੈਰ ਕਾਨੂੰਨੀ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਮੁਲਕਾਂ ਵਿਚ ਭੇਜੇਗਾ।
ਬਹੁਤ ਸਾਰੇ ਰਿਪਬਲੀਕਨ ਸਟੇਟਾਂ ਦੇ ਗਵਰਨਰਾਂ ਨੇ ਟਰੰਪ ਦੀ ਇਨ੍ਹਾਂ ਨੀਤੀਆਂ ਦਾ ਸਮਰਥਨ ਕੀਤਾ ਹੈ ਅਤੇ ਆਪਣੀਆਂ ਸਟੇਟਾਂ ਵੱਲੋਂ ਸਹੂਲਤਾਂ ਦੇਣ ਦਾ ਐਲਾਨ ਵੀ ਕੀਤਾ ਹੈ। ਟੈਕਸਾਸ ਦੇ ਗਵਰਨਰ ਨੇ ਤਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਰਹਿ ਰਹੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕਰਨ ਲਈ ਜੇਲ੍ਹ ਦੀ ਵਿਵਸਥਾ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਇਥੋਂ ਤੱਕ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਭੇਜਣ ਲਈ ਅਮਰੀਕੀ ਸੁਰੱਖਿਆ ਦਸਤਿਆਂ ‘935’ ਸਮੇਤ ਅਮਰੀਕੀ ਫੌਜ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ।
ਅਮਰੀਕਾ ਵਿਚ ਰਹਿ ਰਹੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਰਾਜਨੀਤਿਕ ਸ਼ਰਨ ਲੈਣ ਵਾਲਿਆਂ ਨੂੰ ਵੀ ਇਸ ਵੇਲੇ ਆਉਣ ਵਾਲਾ ਸਮਾਂ ਹਨੇਰਾ ਜਿਹਾ ਜਾਪ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਟਰੰਪ 20 ਜਨਵਰੀ ਤੋਂ ਬਾਅਦ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਵਿਚ ਆਉਣ ਤੋਂ ਰੋਕਣ ਅਤੇ ਇਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਕੀ ਉਪਰਾਲੇ ਕਰਦੇ ਹਨ।