ਸਰੀ, 13 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਸਾਰਾਗੜ੍ਹੀ ਫਾਉਂਡੇਸ਼ਨ ਦੇ ਪ੍ਰਧਾਨ ਡਾ. ਗੁਰਿੰਦਰਪਾਲ ਸਿੰਘ ਜੋਸਨ ਬੀਤੇ ਦਿਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਨਤਮਸਤਕ ਹੋਏ ਪਹੁੰਚੇ ਅਤੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਚ ਸਥਾਪਿਤ ਕੀਤੀ ਗਈ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਗੈਲਰੀ ਦੇ ਦਰਸ਼ਨ ਕੀਤੇ। ਗਿਆਨੀ ਨਰਿੰਦਰਪਾਲ ਸਿੰਘ ਵਾਲੀਆ, ਜਤਿੰਦਰ ਜੇ ਮਿਨਹਾਸ ਅਤੇ ਸਮੂਹ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਡਾ. ਗੁਰਿੰਦਰਪਾਲ ਸਿੰਘ ਜੋਸਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੀ ਗੈਲਰੀ ਬਣਾਉਣ ਅਤੇ ਗੁਰੂ ਨਾਨਕ ਫੂਡ ਬੈਂਕ ਰਾਹੀਂ ਕੀਤੇ ਜਾ ਰਹੇ ਨਿਸ਼ਕਾਮ ਸੇਵਾ ਕਾਰਜ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਜਤਿੰਦਰ ਜੇ ਮਿਨਹਾਸ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਜੋਸਨ ਵੱਲੋਂ ਚਲਾਈ ਜਾ ਰਹੀ ਫਾਉਂਡੇਸ਼ਨ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਸੋਚ ਅਤੇ ਮਿਹਨਤ ਸਦਕਾ ਆਉਣ ਵਾਲੇ ਸਮੇਂ ਵਿਚ ਜਲੰਧਰ ਜ਼ਿਲ੍ਹੇ ਦੇ ਪਿੰਡ ਡਮੁੰਡਾ ਵਿਖੇ ਸਾਰਾਗੜ੍ਹੀ ਸ਼ਹੀਦਾਂ ਦਾ ਸਮਾਰਕ ਵੀ ਜਲਦ ਹੀ ਤਿਆਰ ਹੋ ਜਾਵੇਗਾ।
ਇਸ ਮੌਕੇ ਗਿਆਨੀ ਨਰਿੰਦਰਪਾਲ ਸਿੰਘ ਨੇ ਡਾ. ਜੋਸਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਵਿਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਾਂਭਣ ਲਈ ਵਿਸ਼ਵ ਪੱਧਰ ‘ਤੇ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਡਾ. ਜੋਸਨ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਸਾਰਾ ਇਤਿਹਾਸ ਪੂਰਨ ਤੌਰ ‘ਤੇ ਜਾਣਨ ਲਈ ਜੋ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ, ਉਹ ਆਪਣੇ ਆਪ ਵਿਚ ਸੇਵਾ ਦੀ ਵਿਲੱਖਣ ਮਿਸਾਲ ਹਨ ।