#PUNJAB

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੋਹਾਲੀ ਅਦਾਲਤ ‘ਚ ਕੀਤਾ ਪੇਸ਼

– ਅਦਾਲਤ ਵੱਲੋਂ ਤਿੰਨ ਦਿਨ ਦਾ ਮਿਲਿਆ ਰਿਮਾਂਡ
ਚੰਡੀਗੜ੍ਹ, 17 ਜਨਵਰੀ (ਪੰਜਾਬ ਮੇਲ)- ਇਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮ ਸਰੋਤ ਨੂੰ ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਉਪਰੰਤ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਸੁਣਾ ਦਿੱਤਾ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਈ.ਡੀ. ਵੱਲੋਂ ਗੁਪਤ ਤਰੀਕੇ ਨਾਲ ਧਰਮਸੋਤ ਨੂੰ ਪੇਸ਼ ਕੀਤਾ ਗਿਆ।
ਮਨੀ ਲਾਂਡਰਿੰਗ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਮੰਤਰੀ ਦੇ ਕਾਰਜਕਾਲ ਦੌਰਾਨ ਜੰਗਲਾਤ ਵਿਭਾਗ ‘ਚ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕਰ ਲਿਆ ਸੀ। ਵਿਜੀਲੈਂਸ ਪਹਿਲਾਂ ਤੋਂ ਹੀ ਇਸ ਮਾਮਲੇ ‘ਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਨਵੇਂ ਕਾਨੂੰਨ ਮੁਤਾਬਕ ਹੁਣ ਸਾਬਕਾ ਮੰਤਰੀ ਦੀ ਜ਼ਮਾਨਤ ਹੋਰ ਵੀ ਮੁਸ਼ਕਿਲ ਹੋਣ ਵਾਲੀ ਹੈ ਅਤੇ ਇਸ ਦੇ ਨਾਲ ਹੀ ਕਈ ਅਫ਼ਸਰਾਂ ਦਾ ਨਾਮ ਵੀ ਜਾਂਚ ਦੇ ਘੇਰੇ ‘ਚ ਆ ਸਕਦਾ ਹੈ।
ਦੱਸ ਦੇਈਏ ਕਿ 30 ਨਵੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਐਕਟ ਦੀਆਂ ਧਾਰਾਵਾਂ ਤਹਿਤ ਜਲੰਧਰ ਦਫ਼ਤਰ ਤੋਂ ਈ.ਡੀ. ਦੀਆਂ ਟੀਮਾਂ ਵੱਲੋਂ ਪੰਜਾਬ ਦੇ 14 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਉਸ ਵੇਲੇ ਧਰਮਸੋਤ, ਜੰਗਲਾਤ ਠੇਕੇਦਾਰ ਹਰਮਿੰਦਰ ਸਿੰਘ ਹੈਮੀ ਅਤੇ ਪ੍ਰੈੱਸ ਰਿਪੋਰਟਰ ਕਮਲਜੀਤ ਸਿੰਘ ਅਤੇ ਕੁਝ ਹੋਰਾਂ ਦੇ ਘਰ ਛਾਪੇਮਾਰੀ ਕੀਤੀ ਗਈ।
ਧਰਮਸੋਤ ਦੀ ਅਮਲੋਹ, ਖੰਨਾ ਅਤੇ ਮੁਹਾਲੀ ਵਿਚ ਜਾਇਦਾਦਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਈ.ਡੀ. ਨੇ ਵੀ.ਬੀ. ਤੋਂ ਦਸਤਾਵੇਜ਼ ਵੀ ਲਏ ਹਨ, ਜੋ ਪਹਿਲਾਂ ਹੀ ਘੁਟਾਲੇ ਦੀ ਜਾਂਚ ਕਰ ਰਹੀ ਹੈ। ਵੀ.ਬੀ. ਨੇ ਸਾਬਕਾ ਮੰਤਰੀ ਅਤੇ ਅਧਿਕਾਰੀਆਂ ਵਿਰੁੱਧ ਦੋ ਕੇਸ ਦਰਜ ਕੀਤੇ ਸਨ।