#PUNJAB

ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ‘ਆਪ’ ‘ਚ ਹੋਣਗੇ ਸ਼ਾਮਲ!

ਚੰਡੀਗੜ੍ਹ, 1 ਮਈ (ਪੰਜਾਬ ਮੇਲ)- ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ‘ਆਮ ਆਦਮੀ ਪਾਰਟੀ’ ਵਿਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਗੋਲਡੀ ਨੂੰ ਪਾਰਟੀ ਵਿਚ ਸ਼ਾਮਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਦਲਵੀਰ ਸਿੰਘ ਗੋਲਡੀ ਨੇ ਬੀਤੇ ਦਿਨੀਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਕਾਂਗਰਸ ਪਾਰਟੀ ਦੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਵੀ ਸਨ।
ਬੀਤੇ ਦਿਨੀਂ ਦਿੱਤੇ ਅਸਤੀਫ਼ੇ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਇਹ ਫ਼ੈਸਲਾ ਲੈ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਅਸਤੀਫ਼ਾ ਸਾਂਝਾ ਕਰਦਿਆਂ ਲਿਖਿਆ ਸੀ ਕਿ, ”ਭਰੇ ਮਨ ਨਾਲ ਮੈਂ ਅੱਜ ਜੋ ਫ਼ੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸਬੰਧੀ ਅਤੇ ਜੋ ਵੀ ਮੈਨੂੰ ਨਿੱਜੀ ਤੌਰ ‘ਤੇ ਮੇਰੇ ਸਾਥੀ ਜਾਣਦੇ ਹਨ, ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾਂ ਮੁਸ਼ਕਿਲ ਸੀ। ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆਂ ਦਾ ਅੰਦਰ ਹੀ ਜਾਣਦਾ ਹੈ।” ਦੱਸ ਦਈਏ ਕਿ ਉਹ ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਲੜਣ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ, ਪਰ ਕਾਂਗਰਸ ਵੱਲੋਂ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇ ਦਿੱਤੀ ਗਈ। ਇਸ ਮਗਰੋਂ ਗੋਲਡੀ ਨੇ ਫੇਸਬੁੱਕ ‘ਤੇ ਲਾਈਵ ਆ ਕੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਸੀ। ਇਸ ਮਗਰੋਂ ਸੁਖਪਾਲ ਖਹਿਰਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਕਾਂਗਰਸੀ ਉਨ੍ਹਾਂ ਨੂੰ ਮਨਾਉਣ ਦੇ ਲਈ ਆਏ ਸਨ।
ਦਲਵੀਰ ਸਿੰਘ ਗੋਲਡੀ 2017 ਵਿਚ ਧੂਰੀ ਤੋਂ ਵਿਧਾਇਕ ਚੁਣੇ ਗਏ ਸਨ। 2022 ਵਿਚ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਚੋਣ ਲੜੇ, ਜਿਸ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ ਸੰਗਰੂਰ ‘ਚ ਹੋਈ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਲੋਕ ਸਭਾ ਉਮੀਦਵਾਰ ਵੀ ਐਲਾਨਿਆ ਗਿਆ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।