#AMERICA

ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਲੱਗਣ ਨਾਲ ਮੌਤ

ਲਾਸ ਏਂਜਲਸ, 28 ਮਈ (ਪੰਜਾਬ ਮੇਲ)- ਪ੍ਰਸਿੱਧ ਟੀ.ਵੀ. ਸੀਰੀਅਲ ‘ਜਨਰਲ ਹਸਪਤਾਲ’ ਦੇ ਸਾਬਕਾ ਅਦਾਕਾਰ ਜੌਨੀ ਵੈਕਟਰ ਦੀ ਲਾਸ ਏਂਜਲਸ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਵੈਕਟਰ ਨੇ ਤਿੰਨ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਜਿਹੜੇ ਉਨ੍ਹਾਂ ਦੀ ਕਾਰ ਵਿਚੋਂ ਕੈਟਾਲੀਟਿਕ ਕਨਵਰਟਰ ਚੋਰੀ ਕਰ ਰਹੇ ਸਨ, ਤਾਂ ਬਦਮਾਸ਼ਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਲਾਸ ਏਂਜਲਸ ਪੁਲਿਸ ਵਿਭਾਗ ਮੁਤਾਬਕ ਇਹ ਘਟਨਾ ਸ਼ਨੀਵਾਰ ਦੁਪਹਿਰ 3 ਵਜੇ ਦੀ ਹੈ। ਉਸ ਦੀ ਮਾਂ ਸਕਾਰਲੇਟ ਵੈਕਟਰ ਨੇ ਦੱਸਿਆ ਕਿ ਉਸ ਦਾ 37 ਸਾਲਾ ਬੇਟਾ ਇਕ ਛੱਤ ‘ਤੇ ਬਣੀ ਬਾਰ ਵਿਚ ਕੰਮ ਕਰ ਰਿਹਾ ਸੀ। ਫਿਰ ਉਸ ਨੇ ਦੇਖਿਆ ਕਿ ਕੁਝ ਚੋਰ ਉਸ ਦੀ ਕਾਰ ਵਿਚੋਂ ਕੁਝ ਸਾਮਾਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਤੋਂ ਬਾਅਦ ਉਹ ਆਪਣੇ ਸਾਥੀ ਨਾਲ ਚੋਰਾਂ ਨੂੰ ਫੜਨ ਲਈ ਗਿਆ। ਉਸ ਦੀ ਮਾਂ ਨੇ ਦੱਸਿਆ ਕਿ ਨਕਾਬਪੋਸ਼ ਸ਼ੱਕੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤਿੰਨੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਵੈਕਟਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ‘ਚ ਐਤਵਾਰ ਦੇਰ ਰਾਤ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਸੀ। ਵੈਕਟਰ ਦੇ ਏਜੰਟ ਡੇਵਿਡ ਸ਼ੋਲ ਨੇ ਕਿਹਾ ਕਿ ਅਦਾਕਾਰ ‘ਹਰ ਉਸ ਵਿਅਕਤੀ ਲਈ ਇਕ ਅਸਲੀ ਨੈਤਿਕ ਉਦਾਹਰਣ ਸੀ, ਜੋ ਉਸ ਨੂੰ ਜਾਣਦਾ ਸੀ।’ ਵੈਕਟਰ ਨੇ 2020 ਤੋਂ 2022 ਤਕ ਏ.ਬੀ.ਸੀ. ਸੋਪ ਓਪੇਰਾ ਵਿਚ ਬ੍ਰੈਂਡੋ ਕਾਰਬਿਨ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ‘ਸਟੇਸ਼ਨ 10’, ‘ਐੱਨ.ਸੀ.ਆਈ.ਐੱਸ.’, ‘ਵੇਸਟਵਰਲਡ’ ਅਤੇ ਵੀਡੀਓ ਗੇਮ ‘ਕਾਲ ਆਫ ਡਿਊਟੀ: ਵੈਨਗਾਰਡ’ ਸਮੇਤ ਕਈ ਫਿਲਮਾਂ ਅਤੇ ਟੀ.ਵੀ. ਪ੍ਰੋਗਾਰਾਮਾਂ ਵਿਚ ਕੰਮ ਕੀਤਾ ਸੀ।