#CANADA

ਸਾਈਮਨ ਫਰੇਜ਼ਰ ਯੂਨੀਵਰਸਟੀ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

ਸਰੀ, 22 ਦਸੰਬਰ (ਪੰਜਾਬ ਮੇਲ)-ਬੀਤੇ ਦਿਨ ਸਾਈਮਨ ਫਰੇਜ਼ਰ ਯੂਨੀਵਰਸਟੀ ਦੇ ਕੁਝ ਵਿਦਿਆਰਥੀ ਆਪਣੇ ਪ੍ਰੋਫੈਸਰ ਡਾਕਟਰ ਜੇਸਨ ਬਰਾਊਨ ਨਾਲ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ। ਉਹ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਬਾਰੇ ਅਤੇ ਕਲਚਰ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਨ। ਇਹ ਉਹਨਾਂ ਦੇ ਯੂਨੀਵਰਸਟੀ ਕੋਰਸ ਦਾ ਭਾਗ ਹੈ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜ਼ਲਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਵਿਸਥਾਰ ਨਾਲ ਸਿੱਖ ਧਰਮ ਅਤੇ ਆਪਣੀ ਕਮਿਊਨਿਟੀ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਬਹੁਤ ਹੀ ਢੁਕਵੇਂ ਸਵਾਲ ਪੁੱਛੇ। ਇਸ ਨੇ ਇਕ ਬਹੁਤ ਹੀ ਚੰਗੇ ਵਾਰਤਾਲਾਪ ਦਾ ਰੂਪ ਧਾਰਨ ਕਰ ਲਿਆ। ਇਸ ਉਪਰੰਤ ਉਹਨਾਂ ਸਭ ਨੇ ਗੁਰੂ ਕੇ ਲੰਗਰ ਦਾ ਆਨੰਦ ਮਾਣਿਆ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।

ਸ. ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਕਿ ਅੱਜ ਕੱਲ੍ਹ ਸੰਸਾਰ ਵਿਚ ਦੇਸ਼ਾਂ ਅਤੇ ਕੌਮਾਂ ਵਿਚ ਝਗੜੇ ਸਮੁੱਚੀ ਮਾਨਵਤਾ ਲਈ ਬਹੁਤ ਚਿੰਤਾਜਨਕ ਹਨ। ਇਹੋ ਜਿਹੇ ਵਾਤਾਵਰਣ ਵਿਚ ਅਮਨ ਜਾਂ ਸ਼ਾਂਤੀ ਲਈ ਕੋਈ ਵੀ ਯਤਨ ਸ਼ਲਾਘਾਯੋਗ ਹੈ । ਇਸ ਸੰਬੰਧ ਵਿਚ ਰਿਚਮੰਡ ਦਾ ਹਾਈਵੇ ਟੂ ਹੈਵਨ (ਸਵਰਗ ਦਾ ਰਾਹ) ਅਮਨ ਸ਼ਾਂਤੀ ਅਤੇ ਸਾਂਝੀ ਭਾਈਵਾਲਤਾ ਦਾ ਇਕ ਚਾਨਣ ਮਨਾਰਾ ਹੈ। ਇਹ ਰਾਹ ਇਸ ਸ਼ਹਿਰ ਦਾ ਸ਼ਿੰਗਾਰ ਹੀ ਨਹੀਂ ਬਲਕਿ ਦੂਸਰਿਆਂ ਲਈ ਵੀ ਇਕ ਸੋਹਣਾ ਮਾਡਲ ਹੈ। ਰਿਚਮੰਡ ਦੇ ਇਸ ਨੰਬਰ ਪੰਜ ਰੋਡ ਉਪਰ ਗੁਰਦੁਆਰਾ ਨਾਨਕ ਨਿਵਾਸ ਸਭ ਤੋਂ ਪਹਿਲਾਂ ਬਣਨ ਵਾਲਾ ਧਾਰਮਿਕ ਅਸਥਾਨ ਹੈ। ਅੱਜ ਇਸ ਰੋਡ ਉਪਰ 25 ਦੇ ਕਰੀਬ ਵੱਖਰੇ ਵੱਖਰੇ ਧਰਮਾਂ ਦੇ ਅਸਥਾਨ ਅਤੇ ਧਾਰਮਿਕ ਸਕੂਲ ਹਨ। ਇਹ ਸਭ ਇਸ ਸ਼ਹਿਰ ਦਾ ਮਾਣ ਵਧਾ ਰਹੇ ਹਨ।

ਇਸ ਰਾਹ ਉਪਰ ਗੁਰਦੁਆਰੇ ਤੋਂ ਬਿਨਾਂ ਇਕ ਮਸਜਦਦੋ ਹਿੰਦੂ ਮੰਦਰਦੋ ਬੋਧੀ ਮੰਦਰ ਅਤੇ ਇਸਾਈ ਧਰਮ ਦੇ ਕਾਫੀ ਚਰਚ ਅਤੇ ਧਾਰਮਿਕ ਸਕੂਲ ਹਨ। ਇਹਨਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਅਤੇ ਵੱਖਰੇ ਵੱਖਰੇ ਧਰਮਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਕੂਲਾਂ, ਕਾਲਜਾਂਯੂਨੀਵਰਸਟੀਆਂ ਦੇ ਵਿਦਿਆਰਥੀ ਅਤੇ ਹੋਰ ਸੱਜਣ ਲਗਾਤਾਰ ਆਉਂਦੇ ਰਹਿੰਦੇ ਹਨ। ਇਸ ਸਿਲਸਿਲੇ ਵਿਚ ਗੁਰਦੁਆਰਾ ਨਾਨਕ ਨਿਵਾਸ ਬਹੁਤ ਚੰਗੀ ਭੂਮਿਕਾ ਨਿਭਾ ਰਿਹਾ ਹੈ।