ਮੋਗਾ, 19 ਦਸੰਬਰ (ਪੰਜਾਬ ਮੇਲ)- ਸਾਈਬਰ ਠੱਗੀ ਮਾਰਨ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ ਅਤੇ ਲੋਕ ਉਨ੍ਹਾਂ ਦੇ ਹੱਥੀਂ ਚੜ੍ਹ ਕੇ ਕਰੋੜਾਂ ਰੁਪਏ ਗੁਆ ਰਹੇ ਹਨ। ਇਸ ਦੌਰਾਨ ਸਾਈਬਰ ਠੱਗਾਂ ਵੱਲੋਂ ‘ਪੀ.ਐੱਮ.-ਕਿਸਾਨ’ ਯੋਜਨਾ ਦਾ ਫਰਜ਼ੀ ਲਿੰਕ ਤਿਆਰ ਕਰਕੇ ਸੱਤ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ.ਐੱਸ.ਪੀ. ਅਜੈ ਗਾਂਧੀ ਨੇ ਲੋਕਾਂ ਨੂੰ ਸਾਈਬਰ ਠੱਗਾਂ ਤੋਂ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਉਹ ਆਪਣੇ ਫੋਨ ਨੂੰ ਵੱਧ ਤੋਂ ਵੱਧ ਸੁਰੱਖਿਅਤ ਰੱਖਣ, ਬਿਨਾਂ ਸੋਚੇ ਸਮਝੇ ਕਿਤੇ ਵੀ ਐਪ ਜਾਂ ਲਿੰਕ ‘ਤੇ ਕਲਿੱਕ ਕਰਨ ਤੋਂ ਗੁਰੇਜ਼ ਕਰਨ। ਇਥੇ ਥਾਣਾ ਸਾਈਬਰ ਮੁਖੀ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਕੁੱਸਾ ਦੇ ਨੌਜਵਾਨ ਰਮਨਦੀਪ ਸਿੰਘ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਕਿ ਉਸਨੂੰ ਵ੍ਹਟਸਐਪ ਰਾਹੀਂ ‘ਪੀ.ਐੱਮ.-ਕਿਸਾਨ’ ਯੋਜਨਾ ਦਾ ਲਿੰਕ ਆਇਆ। ਉਸ ਵੱਲੋਂ ਇਹ ਲਿੰਕ ਕਲਿੱਕ ਕੀਤੇ ਜਾਣ ‘ਤੇ ਸਾਈਬਰ ਠੱਗਾਂ ਨੇ ਉਸਦੇ ਬੈਂਕ ਖਾਤੇ ਵਿਚੋਂ ਸੱਤ ਲੱਖ ਰੁਪਏ ਕਢਵਾ ਲਏ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਬਾਅਦ ਉੜੀਸਾ ਅਤੇ ਕੋਲਕਾਤਾ ਦੇ ਦੋ ਸ਼ੱਕੀ ਠੱਗਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪੀੜਤ ਦੇ ਖਾਤੇ ਵਿਚੋਂ ਕਢਵਾਈ ਗਈ ਰਾਸ਼ੀ ਕੁਝ ਬੈਂਕ ਖਾਤਿਆਂ ‘ਚ ਟਰਾਂਸਫਰ ਹੋਈ ਹੈ ਅਤੇ ਕੁਝ ਏ.ਟੀ.ਐੱਮ. ਰਾਹੀਂ ਕਢਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਪੀ.ਐੱਮ.-ਕਿਸਾਨ ਕੇਂਦਰੀ ਯੋਜਨਾ ਹੈ, ਜੋ ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿਚ ਕਿਸਾਨਾਂ ਦੀਆਂ ਵਿੱਤੀ ਲੋੜਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਕਿਸਾਨਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤਿਆਂ ਵਿਚ ਤਿੰਨ ਬਰਾਬਰ ਕਿਸ਼ਤਾਂ ‘ਚ 6 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਤੀ ਸਾਲ ਭੇਜੀ ਜਾਂਦੀ ਹੈ।