#PUNJAB

ਸਾਈਬਰ ਘਪਲੇ ‘ਚ ਮੰਤਰੀ ਬੈਂਸ ਤੇ ਪਤਨੀ ‘ਤੇ ਲੱਗੇ ਦੋਸ਼ਾਂ ਤੋਂ ਪਰਦਾ ਚੁੱਕਣ ਲਈ ਸਾਰੀਆਂ ਪਰਤਾਂ ਖੋਲ੍ਹੇਗੀ ਐੱਸ.ਆਈ.ਟੀ.

ਸਾਡਾ ਇਸ ਮਾਮਲੇ ਨਾਲ ਕੋਈ ਵਾਸਤਾ ਨਹੀਂ, ਮਾਣਹਾਨੀ ਦਾ ਕੇਸ ਕਰਾਂਗਾ : ਬੈਂਸ
ਚੰਡੀਗੜ੍ਹ, 12 ਸਤੰਬਰ (ਪੰਜਾਬ ਮੇਲ)-100 ਕਰੋੜ ਦੇ ਸਾਈਬਰ ਘਪਲੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਪਤਨੀ ਜੋਤੀ ਯਾਦਵ ‘ਤੇ ਦੋਸ਼ ਲੱਗਣ ਮਗਰੋਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ.ਆਈ.ਟੀ. ਦਾ ਗਠਨ ਕੀਤਾ ਹੈ। ਇਹ ਤਿੰਨ ਮੈਂਬਰੀ ਐਸ.ਆਈ.ਟੀ. ਹੁਣ ਮੰਤਰੀ ਅਤੇ ਉਨ੍ਹਾਂ ਦੀ ਪਤਨੀ ‘ਤੇ ਲੱਗੇ ਗੰਭੀਰ ਦੋਸ਼ਾਂ ਤੋਂ ਪਰਦਾ ਚੁੱਕੇਗੀ ਕਿ ਆਖਿਰ ਇਸ ਕੇਸ ਦੀ ਅਸਲੀਅਤ ਕੀ ਹੈ ਅਤੇ ਕੀ ਅਸਲ ਵਿਚ ਲੱਗੇ ਦੋਸ਼ਾਂ ਅਨੁਸਾਰ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਦਾ ਇਸ ਮਾਮਲੇ ਨਾਲ ਕੋਈ ਵਾਸਤਾ ਹੈ ਜਾਂ ਫ਼ਿਰ ਇਹ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ। ਡੀ.ਜੀ.ਪੀ. ਵੱਲੋਂ ਗਠਿਤ ਐੱਸ.ਆਈ.ਟੀ. ‘ਚ ਏ.ਡੀ.ਜੀ.ਪੀ. ਵੀ. ਨੀਰਜਾ, ਆਈ.ਜੀ. ਧਨਪ੍ਰੀਤ ਕੌਰ ਅਤੇ ਮੋਹਾਲੀ ਦੇ ਐੱਸ.ਐੱਸ.ਪੀ. ਦੀਪਕ ਪਾਰਿਕ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸ.ਆਈ.ਟੀ. ਦੇ ਇਕ ਮੈਂਬਰ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਟੀਮ ਜਲਦ ਜਾਂਚ ਦਾ ਕੰਮ ਸ਼ੁਰੂ ਕਰੇਗੀ ਅਤੇ ਪੂਰੀ ਬਾਰੀਕੀ ਨਾਲ ਕੇਸ ਦੇ ਹਰ ਪਹਿਲੂ ਦੀ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇਗਾ।
ਗੱਲਬਾਤ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਇਸ ਮਸਲੇ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ, ਸਗੋਂ ਇਹ ਸਿਰਫ਼ ਉਨ੍ਹਾਂ ਦੀ ਦਿੱਖ ਖ਼ਰਾਬ ਕਰਨ ਲਈ ਕੋਈ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਉਹ ਸੱਚੇ ਹਨ ਅਤੇ ਹਰ ਜਾਂਚ ਲਈ ਤਿਆਰ ਹਨ, ਸੱਚ ਤੋਂ ਪਰਦਾ ਜ਼ਰੂਰ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਇੰਸਪੈਕਟਰ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਸਰਕਾਰ ਅਤੇ ਮੰਤਰੀ ਬੈਂਸ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਇਸ ਮਾਮਲੇ ‘ਚ ਬਣੀ ਐੱਸ.ਆਈ.ਟੀ. ਜਾਂਚ ਮਗਰੋਂ ਸਭ ਸਾਫ਼ ਕਰ ਦੇਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਐੱਸ.ਆਈ.ਟੀ. ‘ਚ ਬੇਹੱਦ ਸਾਫ਼ ਤੇ ਇਮਾਨਦਾਰ ਸ਼ਖ਼ਸੀਅਤ ਵਾਲੇ ਪੁਲਿਸ ਅਫ਼ਸਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਤਾਂ ਜੋ ਮਗਰੋਂ ਸੱਚ ਵੀ ਸਾਹਮਣੇ ਆ ਸਕੇ ਅਤੇ ਜਾਂਚ ‘ਤੇ ਕੋਈ ਉਂਗਲ ਵੀ ਨਾ ਉੱਠਾ ਸਕੇ।
ਸੂਤਰਾਂ ਤੋਂ ਮਿਲੀ ਜਾਣਕਾਰੀਆਂ ਅਨੁਸਾਰ ਪੁਲਿਸ ਮੁਖੀ ਵੱਲੋਂ ਡੀ.ਜੀ.ਪੀ. ਅਤੇ ਡੀ.ਜੀ.ਪੀ. ਪੱਧਰ ਦੇ ਕੁਝ ਹੋਰ ਸੀਨੀਅਰ ਅਧਿਕਾਰੀਆਂ ਦੀ ਵੀ ਐੱਸ.ਆਈ.ਟੀ. ਦੀ ਹਰ ਪੱਖ ਤੋਂ ਮਦਦ ਅਤੇ ਸਹਿਯੋਗ ਕਰਨ ਲਈ ਡਿਊਟੀ ਲਗਾਈ ਗਈ ਹੈ। ਦੱਸਣਯੋਗ ਹੈ ਕਿ ਸਾਈਬਰ ਕ੍ਰਾਈਮ ‘ਚ ਸੇਵਾ ਨਿਭਾਅ ਚੁੱਕੀ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁ. ਦੇ ਵੱਡੇ ਸਾਈਬਰ ਘਪਲੇ ਦਾ ਪਰਦਾਫਾਸ਼ ਕੀਤਾ ਸੀ, ਜਿਸ ਮਗਰੋਂ ਉਸ ਵੱਲੋਂ ‘ਆਪ’ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਪਤਨੀ ਐੱਸ.ਪੀ. ਜੋਤੀ ਯਾਦਵ ‘ਤੇ ਗੰਭੀਰ ਦੋਸ਼ ਲਗਾਏ ਗਏ ਸਨ। ਉਸ ਵੱਲੋਂ ਇਸ ਮਾਮਲੇ ‘ਚ ਡੀ.ਜੀ.ਪੀ. ਗੌਰਵ ਯਾਦਵ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਮਗਰੋਂ ਮਾਮਲੇ ਨੇ ਸਿਆਸੀ ਰੰਗਤ ਲੈ ਲਈ ਸੀ। ਡੀ.ਜੀ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਇੰਸਪੈਕਟਰ ਅਮਨਜੋਤ ਕੌਰ ਨੇ ਦੋਸ਼ ਲਗਾਏ ਸਨ ਕਿ ਫਰਜ਼ੀ ਕਾਲ ਸੈਂਟਰ ਦੇ ਮਾਲਕ ਨਾਲ ਮੰਤਰੀ ਬੈਂਸ ਦੇ ਡੂੰਘੇ ਸੰਬੰਧ ਹਨ ਅਤੇ ਉਸ ਵੱਲੋਂ ਮੰਤਰੀ ਨੂੰ ਫ਼ੰਡ ਵੀ ਦਿੱਤੇ ਗਏ ਹਨ। ਹੁਣ ਸਾਰੇ ਪਹਿਲੂਆਂ ਅਤੇ ਦੋਸ਼ਾਂ ਦੀ ਐੱਸ.ਆਈ.ਟੀ. ਡੂੰਘਾਈ ਨਾਲ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ ਜਲਦ ਡੀ.ਜੀ.ਪੀ. ਨੂੰ ਸੌਂਪੇਗੀ।