#PUNJAB

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਹੋਲੇ ਮਹੱਲੇ ਸਮੇਂ ਕੀਤਾ ਜਾਂਦਾ ਸਨਮਾਨ, ਨਿਹੰਗ ਸਿੰਘ ਦਲਾਂ ਤੇ ਸਿੱਖ ਵਿਦਵਾਨਾਂ ਵਿਚ ਨੇੜਤਾ ਦੀ ਕੜੀ

ਸ੍ਰੀ ਅਨੰਦਪੁਰ ਸਾਹਿਬ, 30 ਮਾਰਚ (ਪੰਜਾਬ ਮੇਲ)- ਉਘੇ ਸਿੱਖ ਵਿਦਵਾਨ ਪ੍ਰੋ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰੋ. ਡਾ. ਧਰਮ ਸਿੰਘ ਸਾਬਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਹੋਲੇ-ਮਹੱਲੇ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਨਿਹੰਗ ਸਿੰਘ ਦਲਾਂ ਅਤੇ ਸਿੱਖ ਵਿਦਵਾਨਾਂ ਵਿਚ ਪਈਆਂ ਦੂਰੀਆਂ ਤੇ ਕਈ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਉਘੇ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਵੱਲੋਂ ਕੀਤੇ ਜਾ ਰਹੇ ਯਤਨ ਨਿਕਟ ਭਵਿੱਖ ਵਿਚ ਚੰਗੇਰੇ ਤੇ ਸ਼ਾਨਦਾਰ ਸਿੱਟੇ ਕੱਢੇਗਾ।
ਦੋਹਾਂ ਵਿਦਵਾਨਾਂ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਲੰਮੇ ਸਮੇਂ ਤੋਂ ਸਿੱਖ ਇਤਿਹਾਸ ਤੇ ਕੰਮ ਕਰਨ ਵਾਲੇ ਵਿਦਵਾਨਾਂ ਅਤੇ ਨਿਹੰਗ ਸਿੰਘ ਦਲਾਂ ਵਿਚ ਤਾਲਮੇਲ ਦੀ ਘਾਟ ਸੀ, ਉਸ ਘਾਟ ਨੂੰ ਦੂਰ ਕਰਨ ਲਈ ਬੁੱਢਾ ਦਲ ਦੇ ਸੱਕਤਰ ਵਜੋਂ ਸੇਵਾ ਨਿਭਾ ਰਹੇ ਸ. ਦਿਲਜੀਤ ਸਿੰਘ ਬੇਦੀ ਇਮਾਨਦਾਰੀ ਤੇ ਸਾਫ਼ਵੋਈ ਨਾਲ ਦੋਹਾਂ ਧਿਰਾਂ ਨੂੰ ਨੇੜੇ ਕਰਨ ਲਈ ਨਿੱਗਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਹੋਲੇ-ਮਹੱਲੇ ਅਤੇ ਖਾਲਸੇ ਦੇ ਸਿਰਜਨਾ ਦਿਵਸ, ਬੰਦੀ ਛੋੜ ਦਿਵਸ ਅਤੇ ਵਿਸ਼ੇਸ਼ ਪੁਰਬਾਂ ਤੇ ਕਰਵਾਏ ਜਾਂਦੇ ਸ਼ਸਤਰ ਯੁੱਧ ਕਲਾ ਗੱਤਕਾ ਮੁਕਾਬਲਿਆਂ ਜਾਂ ਵਿਸ਼ੇਸ਼ ਸੈਮੀਨਾਰਾਂ ਦੋਰਾਨ ਅਜਿਹੇ ਜਤਨਾਂ ਲਈ ਬੁੱਢਾ ਦਲ ਦੇ ਮੁਖੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਤੇ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦਾ ਬਹੁਤ ਕੀਮਤੀ ਸ਼ਾਨਾਂਮੱਤਾ ਇਤਿਹਾਸ ਅੱਖੋ ਓਹਲੇ ਹੋ ਚੁੱਕਾ ਹੈ। ਸਿੱਖ ਇਤਿਹਾਸ ਨੂੰ ਉਜਾਗਰ ਕਰਨ ਲਈ ਸਮਾਂਬੱਧ ਸਿੱਖ ਵਿਦਵਾਨਾਂ ਨੂੰ ਇਸ ਪੱਖ ਵੱਲ ਸਹਿਯੋਗ ਮਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਭਾਵੇਂ ਕਈਆਂ ਪੱਖਾਂ ਤੇ ਸਰੋਤਾਂ ਦੀ ਘਾਟ ਹੈ ਪਰ ਖੋਜ ਕਰਨੀ ਵਿਦਵਾਨਾਂ ਦਾ ਹੀ ਕੰਮ ਹੈ।
ਇਸੇ ਦੌਰਾਨ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਡਾ. ਦੇਵਿੰਦਰ ਸਿੰਘ ਗ੍ਰੇਵਾਲ, ਡਾ. ਅੱਛਰੂ ਸਿੰਘ, ਡਾ. ਰੂਪ ਸਿੰਘ, ਗਿ. ਭਗਵਾਨ ਸਿੰਘ ਜੌਹਲ, ਨਿਰਮਲੇ ਸੰਪਰਦਾਏ ਸੰਤ ਤੇਜਾ ਸਿੰਘ ਖੁੱਡਾਕੁਰਾਲਾ, ਡਾ. ਜਸਬੀਰ ਸਿੰਘ ਸਰਨਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਪਦਮ ਸ੍ਰੀ ਜਗਜੀਤ ਸਿੰਘ ਦਰਦੀ, ਗੁਰਮਤਿ ਸੰਗੀਤ ਦੇ ਸ਼ਾਸਤਰੀ ਡਾ. ਗੁਰਨਾਮ ਸਿੰਘ, ਗਿ. ਗੁਰਬਖ਼ਸ਼ ਸਿੰਘ ਗੁਲਸ਼ਨ ਯੂ.ਕੇ., ਗੁਰਮਤਿ ਦਾ ਪ੍ਰਚਾਰ ਕਰਨ ਵਾਲਿਆਂ ਵਿਚ ਬੀਬੀ ਜਗੀਰ ਕੌਰ, ਜਥੇ. ਅਵਤਾਰ ਸਿੰਘ ਮੱਕੜ, ਭਾਈ ਗੋਬਿੰਦ ਸਿੰਘ ਲੋਗੋਂਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਹਰਜਿੰਦਰ ਸਿੰਘ ਧਾਮੀ, ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਮਹਿਤਾ, ਸੰਤ ਜਗਜੀਤ ਸਿੰਘ ਹਰਖੋਵਾਲ, ਸੰਤ ਬਾਬਾ ਅਮੀਰ ਸਿੰਘ ਜਵੱਦੀਕਲਾਂ ਟਕਸਾਲ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸ. ਇੰਦਰਬੀਰ ਸਿੰਘ ਨਿੱਜਰ ਪ੍ਰਧਾਨ ਚੀਫ਼ ਖਾਲਸਾ ਦੀਵਾਨ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਭਾਈ ਪ੍ਰਿਤਪਾਲ ਸਿੰਘ ਪ੍ਰਚਾਰਕ, ਮਾਤਾ ਵਿਪਨਪ੍ਰੀਤ ਕੌਰ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਲੁਧਿਆਣਾ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਨਿਹੰਗ ਸਿੰਘ ਦਲਾਂ ਵਿਚੋਂ ਬਾਬਾ ਅਵਤਾਰ ਸਿੰਘ, ਬਾਬਾ ਨਿਹਾਲ ਸਿੰਘ, ਬਾਬਾ ਮੇਜਰ ਸਿੰਘ ਅਤੇ ਸੇਵਾ ਪੰਥੀ ਸੰਪਰਦਾ ਦੇ ਮੁਖੀ ਸੰਤ ਕਰਮਜੀਤ ਸਿੰਘ, ਨਾਨਕਸਰ ਸੰਪ੍ਰਦਾ ਦੇ ਮੁਖੀ ਬਾਬਾ ਘਾਲਾ ਸਿੰਘ, ਬਾਬਾ ਲੱਖਾ ਸਿੰਘ ਅਤੇ ਹੋਰ ਸੰਸਥਾਵਾਂ ਦੇ ਮੁਖੀ ਸਾਹਿਬਾਨਾਂ ਆਦਿ ਦਾ ਸਨਮਾਨ ਕੀਤਾ ਜਾ ਚੁੱਕਾ ਹੈ।