#PUNJAB

ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਮਿਤੀ ’ਚ ਵਾਧਾ

ਅੰਮ੍ਰਿਤਸਰ, 16 ਨਵੰਬਰ (ਪੰਜਾਬ ਮੇਲ)-ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਵੋਟਾਂ ਬਣਾਉਣ ਦੀ ਪ੍ਰਕਿਰਿਆ 29 ਫਰਵਰੀ 2024 ਤੱਕ ਅੱਗੇ ਪਾ ਦਿੱਤੀ ਗਈ ਹੈ। ਇਸ ਸਬੰਧੀ ਬੁੱਧਵਾਰ ਨੂੰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸੋਧੇ ਹੋਏ ਪ੍ਰੋਗਰਾਮ ਦੇ ਨਾਲ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਪਹਿਲਾਂ ਸਿੱਖ ਸੰਸਥਾ ਦੇ ਨਵੇਂ ਜਨਰਲ ਹਾਊਸ ਲਈ ਵੋਟਰ ਰਜਿਸਟ੍ਰੇਸ਼ਨ ਦਾ ਸਮਾਂ 21 ਅਕਤੂਬਰ ਤੋਂ 15 ਨਵੰਬਰ ਤੱਕ ਸੀ। ਇਸ ਸਬੰਧੀ ਸੂਚਨਾ ਇਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਕੋਲ ਵੀ ਪੁੱਜੀ ਹੈ। ਇਸ ਵਿਚ ਕਿਹਾ ਗਿਆ ਹੈ ਕਿ 21 ਮਾਰਚ ਤੱਕ ਮੁੱਢਲੀ ਸੂਚੀਆਂ ਦੀ ਪ੍ਰਕਾਸ਼ਨਾ ਹੋਵੇਗੀ ਅਤੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 11 ਅਪ੍ਰੈਲ ਹੋਵੇਗੀ, ਜਿਨ੍ਹਾਂ ਦਾ ਨਿਪਟਾਰਾ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਨਾਮਜ਼ਦ ਰੀਵਾਈਜ਼ਿੰਗ ਅਥਾਰਿਟੀਆਂ ਵੱਲੋਂ 21 ਅਪ੍ਰੈਲ ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 3 ਮਈ ਤੱਕ ਹੋਵੇਗੀ।