ਬਰੈਂਪਟਨ, 1 ਅਕਤੂਬਰ (ਰਮਿੰਦਰ ਵਾਲੀਆ/ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਤੇ ਰਮਿੰਦਰ ਰੰਮੀ ਜਿਗਰੀ ਦੋਸਤ ਹਨ। 40 ਸਾਲ ਪੁਰਾਣੀ ਉਨ੍ਹਾਂ ਦੀ ਆਪਸੀ ਸਾਂਝ ਹੈ। ਉਹ ਰਮਿੰਦਰ ਰੰਮੀ ਨੂੰ ਮਿਲਣ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਰਮਿੰਦਰ ਨੇ ਫ਼ੁੱਲਾਂ ਦੇ ਬੁੱਕੇ ਦੇ ਕੇ ਉਨ੍ਹਾਂ ਨੂੰ ਨਿੱਘਾ ਜੀ ਆਇਆਂ ਕਿਹਾ। ਲਜ਼ੀਜ਼ ਖਾਣੇ ਦੇ ਲੁਤਫ਼ ਤੋਂ ਬਾਦ ਦੋਵੇਂ ਸੱਖੀਆਂ ਘਰ ਦੇ ਪਿਛਵਾੜੇ ਚਲੇ ਗਈਆਂ। ਖੁੱਲ੍ਹੀਆਂ ਗੱਲਾਂ ਦਾ ਲਾਈਵ ਪ੍ਰੋਗਰਾਮ ਕੀਤਾ ਤੇ ਜੀ ਭਰ ਕੇ ਬਹੁਤ ਸਾਰੇ ਵਿਸ਼ੇ ‘ਤੇ ਖੁੱਲ੍ਹ ਕੇ ਗੱਲਾਂਬਾਤਾਂ ਹੋਈਆਂ। ਚੰਡੀਗੜ੍ਹ ਵਿਖੇ ਕਿਵੇਂ ਮਿਲ ਕੇ ਬਹੁਤ ਸਾਰੇ ਇੱਕਠੇ ਪ੍ਰੋਗਰਾਮ ਉਹ ਕਰਦੇ ਸੀ। ਚਾਹੇ ਕੋਈ ਸੈਮੀਨਾਰ ਹੋਵੇ, ਕੀਰਤਨ ਪ੍ਰੋਗਰਾਮ, ਕੋਈ ਰੈਲੀ ਜਾਂ ਧਰਨਾ ਹੋਏ। ਸ਼੍ਰੋਮਣੀ ਕਮੇਟੀ ਦੀਆਂ ਇਲੇਕਸ਼ਨਜ਼ ਦੇ ਦੌਰਾਨ ਵੀ ਸਵੇਰੇ 7 ਵਜੇ ਤੋਂ ਰਾਤ ਦੇ 12 ਵਜੇ ਤੱਕ ਇੱਕਠੇ ਚੋਣ ਪ੍ਰਚਾਰ ਲਈ ਜਾਂਦੇ ਸਨ। ਇੱਕ ਦੂਸਰੇ ਦੇ ਹਰ ਦੁੱਖ-ਸੁੱਖ ਵਿਚ ਵੀ ਸ਼ਰੀਕ ਹੁੰਦੇ ਸਨ। ਪਹਿਲਾਂ ਦੀਆਂ ਦੋਸਤੀਆਂ ਅਤੇ ਰਿਸ਼ਤਿਆਂ ਦੀ ਗੰਢ ਪੀਡੀ ਹੁੰਦੀ ਸੀ ਪਰ ਅੱਜਕੱਲ੍ਹ (ਟੁੱਟ ਗਈ ਤੜੱਕ ਕਰਕੇ) ਵਾਲਾ ਹਿਸਾਬ ਹੈ। ਮਤਲਬੀ ਰਿਸ਼ਤੇ ਜ਼ਿਆਦਾ ਹੈ। ਸਿੱਖੀ, ਸੇਵਾ, ਸਿਮਰਨ ਤੇ ਗੁਰੂ ਦੇ ਬਚਨ ਪਾਲਣ ‘ਤੇ ਵੀ ਗੱਲਾਂ ਹੋਈਆਂ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਕਿਰਦਾਰ ਦੀ ਸਭ ਪਾਸਿਉਂ ਖ਼ੁਸ਼ਬੂ ਆਉਣੀ ਚਾਹੀਦੀ ਸੀ ਪਰ ਐਸਾ ਨਹੀਂ ਹੈ, ਅਜੇ ਵੀ ਕਮੀ ਹੈ ਕਿਤੇ ਨਾ ਕਿਤੇ। ਸਾਡਾ ਪੰਜਾਬੀ ਸਮਾਜ ਅੱਜ ਕਿੰਨਾ ਕੁ ਵਿਕਸਿਤ ਹੋ ਰਿਹਾ ਹੈ। ਲੋੜ ਹੈ ਸਭ ਨੂੰ ਮਿਲਜੁੱਲ ਕੇ ਇੱਕਠੇ ਕੰਮ ਕਰਨ ਦੀ। ਹਰਜਿੰਦਰ ਜੀ ਦਾ ਕਹਿਣਾ ਕਿ ਜੋ ਲੇਖਕ ਵੀ ਨੇ (ਸਾਰੇ ਨਹੀਂ) ਕੁਝ ਵਿਖਾਵਾ ਜ਼ਿਆਦਾ ਕਰਦੇ ਹਨ ਪਰ ਕਹਿਣੀ ਕਥਨੀ ਕਰਨੀ ਦੇ ਪੂਰੇ ਨਹੀਂ ਹਨ। ਜਦਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਾਡੇ ਸੀਨੀਅਰਜ਼ ਬਹੁਤ ਕੁਝ ਇੱਥੇ ਨਵਾਂ ਕਰ ਸਕਦੇ ਹਨ। ਰਮਿੰਦਰ ਦਾ ਇਹ ਕਹਿਣਾ ਕਿ ਇੱਥੇ ਪ੍ਰਚਾਰ ਤੇ ਪ੍ਰਸਾਰ ਮਾਂ ਬੋਲੀ ਲਈ ਜ਼ਿਆਦਾ ਹੋ ਰਿਹਾ ਹੈ ਪਰ ਹਰ ਚੀਜ਼ ਨੂੰ ਸਮਾਂ ਲੱਗਦਾ ਹੈ। ਆਪਣੇ ਰੁਝੇਵਿਆਂ ਵਿਚੋਂ ਜਿੰਨਾ ਸਮਾਂ ਮਿਲਦਾ ਹੈ, ਅਸੀਂ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਬੀਬੀ ਹਰਜਿੰਦਰ ਕੌਰ ਜੀ ਨੇ ਵੀ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਪ੍ਰੋਜੈਕਟ ਉਲੀਕਿਆ ਹੈ ਕਿ ਜੋ ਬੱਚੇ ਬਾਹਰ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਾਂ ਜੋ ਬਾਹਰ ਹਨ, ਉਨ੍ਹਾਂ ਸਭ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ, ਤਾਂ ਉਸ ਸਭ ਲਈ ਉਪਰਾਲੇ ਕਰ ਰਹੇ ਹਨ। ਵਾਹਿਗੁਰੂ ਕਰੇ ਉਨ੍ਹਾਂ ਦੇ ਸੁਪਨਿਆਂ ਨੂੰ ਬੂਰ ਪਵੇ ਤੇ ਇਹ ਮੁਹੱਬਤੀ ਸਾਂਝਾਂ ਹਮੇਸ਼ਾਂ ਬਣੀਆਂ ਰਹਿਣ। ਮੁੜ ਮਿਲਣ ਦਾ ਵਾਦਾ ਕਰ ਭਰੇ ਮਨ ਨਾਲ ਇਕ ਦੂਸਰੇ ਤੋਂ ਵਿਦਾ ਲਈ। ਦਿਲ ਦੀਆਂ ਗਹਿਰਾਈਆਂ ਤੋਂ ਮੈਂ ਆਪ ਜੀ ਦੀ ਸ਼ੁਕਰਗੁਜ਼ਾਰ ਹਾਂ, ਜੋ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਨਿਕਾਲ ਕੇ ਮੈਨੂੰ ਮਿਲਣ ਲਈ ਆਏ।
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਆਪਣੀ ਜਿਗਰੀ ਦੋਸਤ ਰਮਿੰਦਰ ਰੰਮੀ ਦੇ ਵਿਹੜੇ ਪਹੁੰਚੇ
