#PUNJAB

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਹੁਣ 30 ਦਸੰਬਰ ਦੀ ਬਜਾਏ 31 ਦਸੰਬਰ ਨੂੰ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 30 ਦਸੰਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੁਣ 31 ਦਸੰਬਰ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਫ਼ੈਸਲਾ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸਮਰਥਨ ਵਿਚ ਲਿਆ ਹੈ। ਉਨ੍ਹਾਂ ਕਿਹਾ ਕਿ 31 ਦਸੰਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦਾ ਏਜੰਡਾ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਭੇਜੇ ਗਏ ਪਹਿਲਾਂ ਵਾਲੇ ਏਜੰਡੇ ਅਨੁਸਾਰ ਹੀ ਰਹੇਗਾ। ਇਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਜ਼ ‘ਤੇ ਸਾਂਝੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਮੀਟਿੰਗ ‘ਚ ਗਿਆਨੀ ਹਰਪ੍ਰੀਤ ਸਿੰਘ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਚਾਰਜ ਵਾਪਸ ਲੈ ਲਿਆ ਗਿਆ ਸੀ। ਉਨ੍ਹਾਂ ‘ਤੇ ਰਿਸ਼ਤੇਦਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤੇ ਕਮੇਟੀ ਨੂੰ 15 ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਗਿਆ ਸੀ। ਇਸ ਜਾਂਚ ਦੌਰਾਨ ਉਨ੍ਹਾਂ ਤੋਂ ਚਾਰਜ ਵਾਪਸ ਲੈ ਲਿਆ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਜੋ ਫੈਸਲੇ ਲਏ ਗਏ ਸਨ ਕਿ ਉਹ ਹੁਣ ਉਸੇ ਤਰ੍ਹਾਂ ਹੀ ਰਹਿਣਗੇ ਜਾਂ ਫਿਰ ਉਨ੍ਹਾਂ ਫੈਸਲਿਆਂ ‘ਚ ਬਦਲਾਅ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਅੰਤ੍ਰਿਗ ਕਮੇਟੀ ‘ਚ ਕੋਈ ਹੋਰ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ।