ਅੰਮ੍ਰਿਤਸਰ, 21 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ ‘ਚ ਸ਼ਮੂਲੀਅਤ ਕਰਨ ਲਈ ਅੱਜ ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ‘ਚ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਥੇ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਸ. ਬਲਵਿੰਦਰ ਸਿੰਘ ਕਾਹਲਵਾਂ ਸਮੇਤ ਹੋਰ ਅਧਿਕਾਰੀਆਂ ਨੇ ਜਥੇ ਦੇ ਲੀਡਰ ਸ. ਖੁਸ਼ਵਿੰਦਰ ਸਿੰਘ ਭਾਟੀਆ, ਡਿਪਟੀ ਲੀਡਰ ਸ. ਗੁਰਮੀਤ ਸਿੰਘ ਬੂਹ, ਬੀਬੀ ਹਰਜਿੰਦਰ ਕੌਰ ਤੇ ਮੀਤ ਸਕੱਤਰ ਸ. ਗੁਰਚਰਨ ਸਿੰਘ ਕੋਹਾਲਾ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਹਰ ਸਾਲ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਇਸ ਵਾਰ ਸ਼੍ਰੋਮਣੀ ਕਮੇਟੀ ਨੇ 340 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਦੂਤਾਵਾਸ ਨੂੰ ਵੀਜ਼ੇ ਲਈ ਭੇਜੇ ਸਨ, ਜਿਨ੍ਹਾਂ ਵਿਚੋਂ 317 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਅੰਦਰ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਵੱਡੀ ਤਾਂਘ ਹੈ, ਜਿਸ ਲਈ ਸਰਕਾਰਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਦੇਣੇ ਚਾਹੀਦੇ ਹਨ, ਤਾਂ ਜੋ ਸੰਗਤਾਂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ।
ਇਸੇ ਦੌਰਾਨ ਜਥੇ ਦੇ ਆਗੂ ਅੰਤ੍ਰਿੰਗ ਮੈਂਬਰ ਸ. ਖੁਸ਼ਵਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਗੁਰੂ ਬਖ਼ਸ਼ਿਸ਼ ਸਦਕਾ ਉਨ੍ਹਾਂ ਨੂੰ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਜਥੇ ‘ਚ ਸ਼ਾਮਲ ਸ਼ਰਧਾਲੂ ਪਹਿਲੇ ਪਾਤਸ਼ਾਹ ਜੀ ਦੀ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ ਚੂਹੜਕਾਣਾ ਸ਼ੇਖੂਪੁਰਾ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਆਦਿ ਗੁਰ-ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨਗੇ। ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ‘ਚ ਸ਼ਮੂਲੀਅਤ ਕਰਨ ਉਪਰੰਤ ਜਥੇ ਦੀ ਵਾਪਸੀ 30 ਜੂਨ ਨੂੰ ਹੋਵੇਗੀ।
ਜਥੇ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਸ. ਗੁਰਚਰਨ ਸਿੰਘ ਕੁਹਾਲਾ, ਸ. ਜਸਵਿੰਦਰ ਸਿੰਘ ਜੱਸੀ, ਪ੍ਰੋ. ਸੁਖਦੇਵ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਗੁਰਨਾਮ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ ਸ. ਪਲਵਿੰਦਰ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ, ਮੀਤ ਮੈਨੇਜਰ ਸ. ਗੁਰਤਿੰਦਰਪਾਲ ਸਿੰਘ ਸਮੇਤ ਹੋਰ ਮੌਜੂਦ ਸਨ।