ਅੰਮ੍ਰਿਤਸਰ, 28 ਜਨਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਚੱਲ ਰਹੀ ਮੱਠੀ ਪ੍ਰਕਿਰਿਆ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਸਾਡੇ ਵਡੇਰਿਆਂ ਦੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰੱਥ ਸਿੱਖ ਸੰਸਥਾ ਵਜੋਂ ਕਾਇਮ-ਦਾਇਮ ਰੱਖਣ ਅਤੇ ਦੇਸ਼ ‘ਚ ਇਕ ਘੱਟ-ਗਿਣਤੀ ਕੌਮ ਵਜੋੰ ਸਿੱਖਾਂ ਦੇ ਸਰਬਪੱਖੀ ਹਿਤਾਂ ਦੀ ਸੁਰੱਖਿਆ ਲਈ ਹਰੇਕ ਸਿੱਖ ਨੂੰ ਗੁਰਦੁਆਰਾ ਚੋਣ ਲਈ ਆਪਣੀ ਵੋਟ ਜ਼ਰੂਰ ਬਣਾਉਣੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਮਨਸ਼ਾ ਤਾਂ ਪਹਿਲਾਂ ਹੀ ਇਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਕਮਜ਼ੋਰ ਕੀਤਾ ਜਾਵੇ, ਜਿਸ ਕਰਕੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦੀ ਸਰਕਾਰੀ ਪ੍ਰਕਿਰਿਆ ਸਹੀ ਅਤੇ ਸਰਗਰਮ ਰੂਪ ਵਿਚ ਨਹੀਂ ਚਲਾਈ ਜਾ ਰਹੀ। ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ਦੇ ਫਾਰਮ ਵਿਚ ਸਿੱਖ ਦੀ ਪ੍ਰੀਭਾਸ਼ਾ ਵਿਚ ਗੜਬੜੀ ਕੀਤੀ ਗਈ ਸੀ, ਜਿਸ ਨੂੰ ਸਿੱਖ ਸੰਸਥਾਵਾਂ ਦੁਆਰਾ ਵਿਰੋਧ ਦਰਜ ਕਰਵਾਉਣ ਤੋਂ ਬਾਅਦ ਠੀਕ ਕੀਤਾ ਗਿਆ ਪਰ ਹੁਣ ਵੀ ਸੂਚਨਾਵਾਂ ਮਿਲ ਰਹੀਆਂ ਹਨ ਕਿ ਬਹੁਤ ਸਾਰੀਆਂ ਥਾਵਾਂ ‘ਤੇ ਗੁਰਦੁਆਰਾ ਚੋਣਾਂ ਲਈ ਗੈਰ-ਸਿੱਖਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੋਟਰ ਦੀ ਯੋਗਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਧਾਰਨੀ ਸਾਬਤ-ਸੂਰਤ ‘ਸਿੱਖ’ ਹੋਣਾ ਲਾਜ਼ਮੀ ਹੈ। ਜੇਕਰ ਗੁਰਦੁਆਰਾ ਚੋਣਾਂ ਲਈ ਗੈਰ-ਸਿੱਖਾਂ ਦੇ ਵੋਟਰ ਫਾਰਮ ਭਰੇ ਜਾਂਦੇ ਹਨ ਤਾਂ ਇਹ ਸਿੱਧੇ ਤੌਰ ‘ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਬਾਹਰੀ ਦਖ਼ਲ ਦੇ ਰਾਹ ਖੋਲ੍ਹਣ ਦਾ ਗੁੱਝਾ ਸਰਕਾਰੀ ਯਤਨ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ਦੇ ਫਾਰਮ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 29 ਫਰਵਰੀ ਹੈ ਪਰ ਅਜੇ ਤੱਕ ਵੋਟਾਂ ਬਣਾਉਣ ਦਾ ਰੁਝਾਨ ਨਿਰਾਸ਼ਾਜਨਕ ਹੈ। ਜੇਕਰ ਇਸ ਵਾਰ 2011 ਦੀਆਂ ਚੋਣਾਂ ਨਾਲੋਂ ਘੱਟ ਵੋਟਾਂ ਬਣੀਆਂ ਤਾਂ ਸਿੱਖਾਂ ਦੀ ਗਿਣਤੀ ਦੇ ਅਧਿਕਾਰਤ ਅੰਕੜਿਆਂ ਵਿਚ ਵੱਡੀ ਗੜਬੜੀ ਪੈਦਾ ਹੋਵੇਗੀ, ਜੋ ਭਾਰਤ ਅੰਦਰ ਇਕ ਘੱਟ-ਗਿਣਤੀ ਕੌਮ ਵਜੋਂ ਸਿੱਖਾਂ ਦੀ ਰਾਜਨੀਤਕ, ਸਮਾਜਿਕ ਅਤੇ ਭੂਗੋਲਿਕ ਦਸ਼ਾ ਤੇ ਦਿਸ਼ਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ। ਇਸ ਕਰਕੇ ਹਰੇਕ ਸਾਬਤ-ਸੂਰਤ ਸਿੱਖ ਸ਼੍ਰੋਮਣੀ ਕਮੇਟੀ ਚੋਣਾਂ ਲਈ ਆਪਣੀ ਅਹਿਮ ਕੌਮੀ ਜ਼ਿੰਮੇਵਾਰੀ ਨੂੰ ਸਮਝਦਿਆਂ ਆਪਣੀ ਅਤੇ ਆਪਣੇ ਪਰਿਵਾਰ ਦੀ ਵੋਟ ਜ਼ਰੂਰ ਬਣਾਵੇ।