-ਹੁਣ 16 ਸਤੰਬਰ ਤੱਕ ਬਣ ਸਕਣਗੀਆਂ ਵੋਟਾਂ
ਅੰਮ੍ਰਿਤਸਰ, 1 ਅਗਸਤ (ਪੰਜਾਬ ਮੇਲ)-ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਿਚ ਇਕ ਵਾਰ ਮੁੜ ਵਾਧਾ ਕੀਤਾ ਗਿਆ ਹੈ। ਹੁਣ 16 ਸਤੰਬਰ ਤੱਕ ਵੋਟਾਂ ਬਣ ਸਕਣਗੀਆਂ। ਇਸ ਪ੍ਰਕਿਰਿਆ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਚੋਣਾਂ ਹੁਣ ਇਸ ਸਾਲ ਹੋਣ ਦੀ ਸੰਭਾਵਨਾ ਮੱਧਮ ਪੈ ਗਈ ਹੈ। ਵੋਟਾਂ ਬਣਾਉਣ ਲਈ 31 ਜੁਲਾਈ ਆਖਰੀ ਦਿਨ ਸੀ ਪਰ ਵੋਟਾਂ ਬਣਾਉਣ ਦੀ ਪ੍ਰਕਿਰਿਆ ਸੁਸਤ ਤੇ ਵੋਟਾਂ ਘੱਟ ਬਣਨ ਦੇ ਮੱਦੇਨਜ਼ਰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਾਂ ਬਣਾਉਣ ਦੀ ਮਿਤੀ ਵਿਚ ਇਕ ਵਾਰ ਮੁੜ ਵਾਧਾ ਕਰਦਿਆਂ ਹੁਣ ਆਖਰੀ ਮਿਤੀ 16 ਸਤੰਬਰ ਰੱਖੀ ਗਈ ਹੈ। ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਮਿਸ਼ਨ ਨੇ ਇਸ ਵਾਰ ਵੋਟਰ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਹੁਣ ਤੱਕ ਚਾਰ ਵਾਰ ਆਖਰੀ ਤਰੀਕਾਂ ਵਿਚ ਵਾਧਾ ਕੀਤਾ ਜਾ ਚੁੱਕਿਆ ਹੈ। ਮਿਲੇ ਵੇਰਵਿਆਂ ਮੁਤਾਬਕ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿਚ 25 ਜੁਲਾਈ ਤੱਕ ਲਗਪਗ 27 ਲੱਖ 87 ਹਜ਼ਾਰ ਵੋਟਰ ਬਣੇ ਸਨ। ਜਦੋਂ ਕਿ 2011 ਵਿਚ ਹੋਈਆਂ ਚੋਣਾਂ ਵੇਲੇ ਲਗਭਗ 52 ਲੱਖ ਵੋਟਰ ਸਨ। ਹੁਣ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਨ ਮਗਰੋਂ ਉਥੋਂ ਦੇ ਵੋਟਰ ਇਸ ਵਿਚ ਸ਼ਾਮਲ ਨਹੀਂ ਹੋਣਗੇ। ਇਸ ਵਾਰ ਸਭ ਤੋਂ ਘੱਟ ਵੋਟਰ ਐੱਸ.ਬੀ.ਐੱਸ. ਨਗਰ ਜ਼ਿਲ੍ਹੇ ਵਿਚ 25,090, ਪਠਾਨਕੋਟ ਵਿਚ 26,023, ਫਾਜ਼ਿਲਕਾ ਵਿਚ 46,231, ਫਰੀਦਕੋਟ ਵਿਚ 50,733, ਮਾਲੇਰਕੋਟਲਾ ਵਿਚ 53,093 , ਕਪੂਰਥਲਾ ਵਿਚ 67,899, ਹੁਸ਼ਿਆਰਪੁਰ ਵਿਚ 80,443, ਐੱਸ.ਏ.ਐੱਸ. ਨਗਰ ਵਿਚ 81,607, ਫ਼ਤਹਿਗੜ੍ਹ ਸਾਹਿਬ ਵਿਚ 84,487, ਮੁਕਤਸਰ ਵਿਚ 92,083, ਰੂਪਨਗਰ ਵਿਚ 92,501, ਫਿਰੋਜ਼ਪੁਰ ਵਿਚ 94,707, ਜਲੰਧਰ ਵਿਚ 98,165 ਵੋਟਰ ਬਣੇ ਹਨ।