#PUNJAB

ਸ਼੍ਰੋਮਣੀ ਅਕਾਲੀ ਦਲ Jalandhar ਦੇ ਸ਼ਹਿਰੀ ਹਲਕਿਆਂ ‘ਚ ਚੰਗੀ ਸਥਿਤੀ ‘ਚ ਨਹੀਂ

ਜਲੰਧਰ, 4 ਦਸੰਬਰ (ਪੰਜਾਬ ਮੇਲ)-ਜਲੰਧਰ ਕੈਂਟ ਨੂੰ ਛੱਡ ਕੇ ਸੈਂਟਰਲ, ਵੈਸਟ ਅਤੇ ਨਾਰਥ ਵਿਧਾਨ ਸਭਾ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਚੰਗੀ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਤਿੰਨਾਂ ਹਲਕਿਆਂ ਵਿਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੋਈ ਤਿਆਰੀ ਨਜ਼ਰ ਆ ਰਹੀ ਹੈ। 2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਕੀ ਹਨ, ਇਹ ਤਾਂ ਦੂਰ ਦੀ ਗੱਲ ਹੈ। ਹਰਜਾਪ ਸਿੰਘ ਸੰਘਾ ਨੂੰ ਜਲੰਧਰ ਕੈਂਟ ਦਾ ਇੰਚਾਰਜ ਲਾਇਆ ਗਿਆ ਹੈ ਅਤੇ ਇਕਬਾਲ ਸਿੰਘ ਢੀਂਡਸਾ ਨੂੰ ਜਲੰਧਰ ਸੈਂਟਰਲ ਦਾ ਇੰਚਾਰਜ ਲਾਇਆ ਗਿਆ ਹੈ। ਕੈਂਟ ਵਿਚ ਅਕਾਲੀ ਦਲ ਦਾ ਵੋਟ ਬੈਂਕ ਕਾਫ਼ੀ ਵੱਡਾ ਹੈ ਪਰ ਕਈ ਹਲਕਾ ਇੰਚਾਰਜ ਬਦਲਣ ਕਾਰਨ ਅਕਾਲੀ ਦਲ ਪ੍ਰਤੀ ਪਾਰਟੀ ਵਰਕਰਾਂ ਵਿਚ ਜੋ ਉਤਸ਼ਾਹ ਪਹਿਲਾਂ ਸੀ, ਉਹ ਹੁਣ ਨਹੀਂ ਰਿਹਾ।
ਸੰਘਾ ਹਲਕੇ ਦੇ ਹੀ ਪਿੰਡ ਕਾਦੀਆਂਵਾਲੀ ਦੇ ਵਸਨੀਕ ਹਨ ਅਤੇ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਹਨ। ਸੰਘਾ ਵਲੋਂ ਹਲਕੇ ਦੀ ਕਮਾਨ ਸੰਭਾਲਣ ਤੋਂ ਬਾਅਦ ਪਾਰਟੀ ਤੋਂ ਦੂਰੀ ਬਣਾ ਚੁੱਕੇ ਵਰਕਰਾਂ ਨੇ ਮੁੜ ਪਾਰਟੀ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਹੈ। ਸੰਭਵ ਹੈ ਕਿ ਸੰਘਾ ਆਉਣ ਵਾਲੇ ਦਿਨਾਂ ਵਿਚ ਮੁੜ ਹਲਕੇ ਵਿਚ ਪਾਰਟੀ ਦਾ ਝੰਡਾ ਬੁਲੰਦ ਕਰਨ ਵਿਚ ਕਾਮਯਾਬ ਹੋ ਜਾਣ। ਉਨ੍ਹਾਂ ਦੀ ਮਜ਼ਬੂਤੀ ਵਿਚ ਉਨ੍ਹਾਂ ਦੀ ਦਾਦੀ ਗੁਰਦੇਵ ਕੌਰ ਸੰਘਾ ਦੀ ਵੀ ਅਹਿਮ ਭੂਮਿਕਾ ਹੋ ਸਕਦੀ ਹੈ। ਉਹ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਸੀਨੀਅਰ ਆਗੂ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਰਹਿ ਚੁੱਕੇ ਹਨ।
ਜਲੰਧਰ ਸੈਂਟਰਲ ਹਲਕੇ ਵਿਚ ਅਕਾਲੀ ਦਲ ਦਾ ਵੋਟ ਬੈਂਕ ਬਹੁਤ ਘੱਟ ਮੰਨਿਆ ਜਾਂਦਾ ਹੈ। ਪਾਰਟੀ ਦੇ ਉਮੀਦਵਾਰ ਰਹੇ ਚੰਦਨ ਗਰੇਵਾਲ ਨੇ ਇਸ ਹਲਕੇ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ। ਲੋਕ ਸਭਾ ਜ਼ਿਮਨੀ ਚੋਣਾਂ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਦੱਸਿਆ ਜਾਂਦਾ ਹੈ ਕਿ 2022 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਅਕਾਲੀ ਦਲ ਦੀਆਂ ਬਹੁਤ ਘੱਟ ਵੋਟਾਂ ਮਿਲੀਆਂ ਸਨ ਪਰ ਉਨ੍ਹਾਂ ਦੇ ਅਸਲ ਪ੍ਰਭਾਵ ਅਤੇ ਦਲਿਤ ਸਮਾਜ ਵਿਚ ਆਪਣੀ ਵਿਸ਼ੇਸ਼ ਪਛਾਣ ਹੋਣ ਕਾਰਨ ਉਹ 10 ਹਜ਼ਾਰ ਦੇ ਕਰੀਬ ਵੋਟਾਂ ਲੈ ਗਏ ਸਨ। ਜੇਕਰ ਕੋਈ ਹੋਰ ਉਮੀਦਵਾਰ ਹੁੰਦਾ ਤਾਂ ਸ਼ਾਇਦ ਪਾਰਟੀ ਨੂੰ ਇੰਨੀਆਂ ਵੋਟਾਂ ਵੀ ਨਹੀਂ ਮਿਲਣੀਆਂ ਸਨ। ਹੁਣ ਹਲਕੇ ਦੀ ਕਮਾਡ ਸੁਖਬੀਰ ਸਿੰਘ ਬਾਦਲ ਵੱਲੋਂ ਇਕਬਾਲ ਸਿੰਘ ਢੀਂਡਸਾ ਨੂੰ ਸੌਂਪੀ ਗਈ ਹੈ, ਜਿਨ੍ਹਾਂ ਦੀ ਪਤਨੀ ਰਮਿੰਦਰ ਕੌਰ ਢੀਂਡਸਾ 2 ਵਾਰ ਨਗਰ ਨਿਗਮ ਦੀ ਕੌਂਸਲਰ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੇ ਖ਼ੁਦ ਅਕਾਲੀ ਦਲ ਤੋਂ ਵੱਡੀ ਗਿਣਤੀ ਵਿਚ ਵੋਟਾਂ ਲੈ ਕੇ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਆਦਮਪੁਰ ਹਲਕੇ ਵਿਚ ਚੌਲਾਂਗ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਜ਼ਿਲਾ ਪ੍ਰੀਸ਼ਦ ਮੈਂਬਰ ਚੁਣੇ ਗਏ ਸਨ।
ਕਿਸੇ ਨਾਰਾਜ਼ਗੀ ਕਾਰਨ ਉਹ ਅਕਾਲੀ ਦਲ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਉਹ 2022 ਵਿਚ ਸੈਂਟਰਲ ਹਲਕੇ ਤੋਂ ‘ਆਪ’ ਦੇ ਉਮੀਦਵਾਰ ਹੋਣਗੇ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ, ਜਿਸ ਤੋਂ ਬਾਅਦ ਢੀਂਡਸਾ ਅਕਾਲੀ ਦਲ ਵਿਚ ਵਾਪਸ ਆ ਗਏ। ਹੁਣ ਉਹ ਸੈਂਟਰਲ ਹਲਕੇ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ ਪਰ ਇਹ ਮਿਹਨਤ ਕਿਸ ਹੱਦ ਤੱਕ ਕਾਮਯਾਬ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। ਢੀਂਡਸਾ ਅਕਾਲੀ ਦਲ ਛੱਡ ਕੇ ਗਏ ਵਰਕਰਾਂ ਤੇ ਆਗੂਆਂ ਨੂੰ ਘਰ ਵਾਪਸੀ ਕਰਵਾਉਣ ਵਿਚ ਰੁੱਝੇ ਹੋਏ ਹਨ। ਹਾਲ ਹੀ ਵਿਚ ਉਹ ਦਲਿਤ ਸਮਾਜ ਦੇ ਵੱਡੇ ਕੱਦ ਦੇ ਆਗੂ ਤੇ ਸ਼ਿਵ ਸੈਨਾ ਅਖੰਡ ਭਾਰਤ ਦੇ ਕੌਮੀ ਯੂਥ ਪ੍ਰਧਾਨ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ (ਭਾਵਾਧਸ) ਦੇ ਕੌਮੀ ਪ੍ਰਧਾਨ ਸੁਭਾਸ਼ ਸੋਂਧੀ ਦੀ ਘਰ ਵਾਪਸੀ ਕਰਵਾ ਚੁੱਕੇ ਹਨ। ਸੋਂਧੀ ਵੀ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਹੁਣ ਸੁਭਾਸ਼ ਸੋਂਧੀ ਹੋਰਾਂ ਨੂੰ ਅਕਾਲੀ ਦਲ ਵਿਚ ਲਿਆ ਕੇ ਢੀਂਡਸਾ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵੈਸਟ ਅਤੇ ਨਾਰਥ ਸ਼ਹਿਰੀ ਹਲਕਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹਲਕਾ ਇੰਚਾਰਜ ਨਿਯੁਕਤ ਨਹੀਂ ਕੀਤਾ ਗਿਆ ਹੈ। 2022 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਦੋਵਾਂ ਹਲਕਿਆਂ ਵਿਚ ਆਪਣੀ ਭਾਈਵਾਲ ਬਹੁਜਨ ਸਮਾਜ ਪਾਰਟੀ ਤੋਂ ਉਮੀਦਵਾਰ ਖੜ੍ਹੇ ਕੀਤੇ ਸਨ। ਨਾਰਥ ਵਿਚ ਬਸਪਾ ਦੇ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਸਨ ਅਤੇ ਵੈਸਟ ਵਿਚ ਬਸਪਾ ਨੇ ਅਨਿਲ ਮੀਨੀਆ ਨੂੰ ਮੈਦਾਨ ਵਿਚ ਉਤਾਰਿਆ ਸੀ ਪਰ ਦੋਵਾਂ ਨੇ ਚੋਣ ਹਾਰ ਕੇ ਬਸਪਾ ਨੂੰ ਅਲਵਿਦਾ ਕਹਿ ਦਿੱਤਾ। ਅਨਿਲ ਮੀਨੀਆ ਭਾਜਪਾ ਅਤੇ ਕੁਲਦੀਪ ਸਿੰਘ ਲੁਭਾਣਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਉਸ ਤੋਂ ਬਾਅਦ ਅਕਾਲੀ ਦਲ ਨੇ ਇਨ੍ਹਾਂ ਦੋਵਾਂ ਹਲਕਿਆਂ ਵਿਚ ਕੋਈ ਨਵਾਂ ਹਲਕਾ ਇੰਚਾਰਜ ਨਹੀਂ ਲਾਇਆ। ਜਦਕਿ ਬਸਪਾ ਦੇ ਪੰਜਾਬ ਜਨਰਲ ਸਕੱਤਰ ਬਲਵਿੰਦਰ ਕੁਮਾਰ ਉਤਰ ਵਿਧਾਨ ਸਭਾ ਨੂੰ ਆਪ ਦੇਖ ਰਹੇ ਹਨ ਅਤੇ ਸਲਵਿੰਦਰ ਕੁਮਾਰ ਇਥੋਂ ਪ੍ਰਧਾਨ ਹਨ।
ਵੈਸਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕੌਂਸਲਰ ਦੀ ਚੋਣ ਲੜਨ ਤੋਂ ਬਾਅਦ ਨਗਰ ਨਿਗਮ ਜਲੰਧਰ ਤੋਂ 2 ਵਾਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਰਹਿ ਚੁੱਕੇ ਕਮਲਜੀਤ ਸਿੰਘ ਭਾਟੀਆ ਅਤੇ ਪ੍ਰਵੇਸ਼ ਤਾਂਗੜੀ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਇਹ ਦੋਵੇਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਭਾਟੀਆ ਲੰਬੇ ਸਮੇਂ ਤੋਂ ਲਗਾਤਾਰ ਆਪਣੇ ਵਾਰਡ ਤੋਂ ਕੌਂਸਲਰ ਦੀ ਚੋਣ ਜਿੱਤਦੇ ਆ ਰਹੇ ਹਨ। ਇੰਨਾ ਹੀ ਨਹੀਂ, ਵਿਰੋਧੀ ਧਿਰ ਦੇ ਕਈ ਉਮੀਦਵਾਰ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕਣ ਦੀ ਸੂਰਤ ਵਿਚ ਪਹਿਲਾਂ ਹੀ ਚੋਣ ਮੈਦਾਨ ਛੱਡ ਚੁੱਕੇ ਹਨ। ਭਾਟੀਆ ਅਕਾਲੀ ਦਲ ਦੀ ਟਿਕਟ ‘ਤੇ ਸੈਂਟਰਲ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਚੰਦਨ ਗਰੇਵਾਲ ਨੂੰ ਮੈਦਾਨ ‘ਚ ਉਤਾਰਿਆ, ਜਿਸ ਕਾਰਨ ਭਾਟੀਆ ਨੇ ਅਕਾਲੀ ਦਲ ਨਾਲੋਂ ਆਪਣਾ ਸਾਲਾਂ ਪੁਰਾਣਾ ਰਿਸ਼ਤਾ ਤੋੜ ਲਿਆ।