#PUNJAB

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧੀ ਆਗੂਆਂ ਨੂੰ ਏਕਤਾ ਦਾ ਸੱਦਾ

ਚੰਡੀਗੜ੍ਹ, 18 ਮਾਰਚ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੁਨੇਹੇ ਦੇ ਮੱਦੇਨਜ਼ਰ ਪਾਰਟੀ ਤੋਂ ਰੁੱਸੇ ਆਗੂਆਂ ਨੂੰ ਪਾਰਟੀ ਵਿਚ ਮੁੜ ਤੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਅਤੇ ਪਾਰਟੀ ਨੇ ਵਿਰੋਧੀਆਂ ਖ਼ਿਲਾਫ਼ ਆਪਣੇ ਸੁਰ ਨਰਮ ਕੀਤੇ ਹਨ। ਇੱਥੇ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਉਪਰੰਤ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਰੁੱਸੇ ਹੋਏ ਆਗੂਆਂ ਨੂੰ ਉਸ ਵੇਲੇ ਏਕਤਾ ਦਾ ਸੱਦਾ ਦਿੱਤਾ ਹੈ, ਜਦੋਂ ਅਕਾਲ ਤਖ਼ਤ ਵੱਲੋਂ ਗਠਿਤ ਪੰਜ ਮੈਂਬਰੀ ਭਰਤੀ ਕਮੇਟੀ ਪਾਰਟੀ ਦੀ ਨਵੀਂ ਭਰਤੀ ਦਾ ਆਗਾਜ਼ ਕਰ ਰਹੀ ਹੈ।
ਮੌਜੂਦਾ ਹਾਲਾਤ ਤੋਂ ਜਾਪਦਾ ਹੈ ਕਿ ਅਕਾਲੀ ਲੀਡਰਸ਼ਿਪ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਸਮਾਨਾਂਤਰ ਭਰਤੀ ਮੁਹਿੰਮ ਚੱਲਣ ਨਾਲ ਦੋਵੇਂ ਧਿਰਾਂ ਵਿਚਾਲੇ ਟਕਰਾਅ ਤੇ ਤਣਾਅ ਪੈਦਾ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਉਲੀਕੇ ਪ੍ਰੋਗਰਾਮ ਮੁਤਾਬਕ ਤਾਂ ਪਹਿਲੀ ਅਪ੍ਰੈਲ ਤੱਕ ਪ੍ਰਧਾਨ ਦੀ ਚੋਣ ਕੀਤੇ ਜਾਣ ਦੀ ਯੋਜਨਾ ਹੈ। ਦੋ ਹਫ਼ਤੇ ਪਹਿਲਾਂ ਹੁਣ ਰੁੱਸੇ ਹੋਏ ਧੜੇ ਨੂੰ ਏਕਤਾ ਦੀ ਅਪੀਲ ਕੀਤੀ ਗਈ ਹੈ। ਭੂੰਦੜ ਨੇ ਵਿਰੋਧੀ ਧੜੇ ਨੂੰ ਭਰਤੀ ਦੇ ਫਾਰਮ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਸ਼ਿਪ ਫਾਰਮਾਂ ‘ਤੇ ਹੀ ਉਂਗਲ ਉਠਾ ਦਿੱਤੀ ਹੈ। ਹਾਲਾਂਕਿ, ਕੁੱਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਆਗੂਆਂ ਦਾ ਹਵਾਲਾ ਦਿੱਤੇ ਬਿਨਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਏ ਜਾਣ ਦੇ ਫ਼ੈਸਲੇ ਨਾਲ ਅਸਹਿਮਤੀ ਜ਼ਾਹਿਰ ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਚਿਤਾਵਨੀ ਦੇ ਚੁੱਕਾ ਹੈ। ਅਚਨਚੇਤ ਹੁਣ ਅਕਾਲੀ ਲੀਡਰਸ਼ਿਪ ਆਪਣੇ ਸਖ਼ਤ ਰੌਂਅ ਤੋਂ ਪਿਛਾਂਹ ਹਟਣ ਲੱਗੀ ਹੈ। ਭੂੰਦੜ ਨੇ ਕਿਹਾ ਕਿ ਮਜੀਠੀਆ ਪਾਰਟੀ ਨਾਲ ਨਾਰਾਜ਼ ਨਹੀਂ ਹਨ ਅਤੇ ਹੋਰਨਾਂ ਆਗੂਆਂ ਨੇ ਵੀ ਆਪਣੇ ਵੱਖ ਖ਼ਿਆਲ ਰੱਖੇ ਹਨ। ਕੋਈ ਵੀ ਪਾਰਟੀ ‘ਚੋਂ ਕੱਢਿਆ ਨਹੀਂ ਗਿਆ ਅਤੇ ਜਲਦੀ ਹੀ ਸਾਰੇ ਆਗੂ ਇਕੱਠੇ ਨਜ਼ਰ ਆਉਣਗੇ।
ਬਲਵਿੰਦਰ ਸਿੰਘ ਭੂੰਦੜ ਨੇ ਪੰਜ ਮੈਂਬਰੀ ਕਮੇਟੀ ਸਣੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਏਕਤਾ ਵਾਸਤੇ ਕੰਮ ਕੀਤੇ ਜਾਣ। ਭੂੰਦੜ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਰੁੱਸੇ ਹੋਏ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਹਿੱਸਾ ਬਣਨ। ਦੂਸਰੇ ਪਾਸੇ, ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਅੰਮ੍ਰਿਤਸਰ ਤੋਂ ਭਰਤੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਪਾਰਲੀਮਾਨੀ ਬੋਰਡ ਤੇ ਜ਼ਿਲ੍ਹਾ ਆਬਜ਼ਰਵਰਾਂ ਨੇ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਫ਼ੈਸਲਾ ਲਿਆ ਕਿ ਮੈਂਬਰਸ਼ਿਪ ਭਰਤੀ ਫਾਰਮ ਜਮ੍ਹਾਂ ਕਰਵਾਉਣ ਦੀ ਤਰੀਕ 25 ਮਾਰਚ ਤੱਕ ਵਧਾਈ ਜਾਵੇ। ਮੀਟਿੰਗ ਵਿਚ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਸਤੀਫ਼ੇ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਸਵਾਗਤ ਵੀ ਕੀਤਾ ਗਿਆ।
ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਵੱਲੋਂ 22 ਮਾਰਚ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ ਹੋਵੇਗਾ। ਇਸ ਵਿਚ ਹੱਦਬੰਦੀ ਪ੍ਰਕਿਰਿਆ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੱਦਬੰਦੀ ਦੀ ਇਹ ਪ੍ਰਕਿਰਿਆ ਦੇਸ਼ ਵਿਚ ਅਸੰਤੁਲਨ ਪੈਦਾ ਕਰੇਗੀ ਕਿਉਂਕਿ ਕਈ ਸੂਬੇ ਜਿਨ੍ਹਾਂ ਨੇ ਪਰਿਵਾਰ ਨਿਯੋਜਨ ਅਪਣਾਇਆ ਹੈ, ਨੂੰ ਇਸ ਦਾ ਨੁਕਸਾਨ ਹੋਵੇਗਾ। ਇਹ ਪ੍ਰਕਿਰਿਆ ਸੰਘੀ ਢਾਂਚੇ ਦੀ ਭਾਵਨਾ ਦੇ ਖ਼ਿਲਾਫ਼ ਹੈ ਅਤੇ ਇਸ ਨਾਲ ਪੰਜਾਬ ਤੇ ਹਰਿਆਣਾ ਪ੍ਰਭਾਵਿਤ ਹੋਣਗੇ।