#PUNJAB

ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ‘ਚੋਂ ਕੱਢਣ ਦਾ ਐਲਾਨ

ਚੰਡੀਗੜ੍ਹ, 16 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਸਰਗਰਮੀਆਂ ‘ਤੇ ਸਖ਼ਤ ਫ਼ੈਸਲਾ ਲੈਂਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ ‘ਚੋਂ ਕੱਢਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਰਵੀਕਰਨ ਸਿੰਘ ਕਾਹਲੋਂ ‘ਤੇ ਅਕਾਲੀ ਵਰਕਰਾਂ ਵਲੋਂ ਲਗਾਤਾਰ ਪਾਰਟੀ ਪ੍ਰਧਾਨ ਨੂੰ ਇਹ ਰਿਪੋਰਟਾਂ ਭੇਜੀਆਂ ਜਾ ਰਹੀਆਂ ਸਨ ਕਿ ਸ. ਕਾਹਲੋਂ ਪਾਰਟੀ ਦੀ ਪਿੱਠ ‘ਚ ਛੁਰਾ ਮਾਰ ਰਹੇ ਹਨ ਅਤੇ ਪਾਰਟੀ ਦੇ ਉਲਟ ਕੰਮ ਕਰ ਰਹੇ ਹਨ। ਪਾਰਟੀ ਵਰਕਰਾਂ ਅਨੁਸਾਰ ਇਹ ਵੀ ਪਤਾ ਲੱਗਾ ਸੀ ਕਿ ਪਿੱਛੇ ਜਿਹੇ ਸ. ਕਾਹਲੋਂ ਨੇ ‘ਆਪ’ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ ਤੇ ਆਮ ਆਦਮੀ ਪਾਰਟੀ ‘ਚ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਾਰਟੀ ਵਰਕਰਾਂ ਨੇ ਕਿਹਾ ਕਿ ਇਹ ਖ਼ੁਦ ਵੀ ਪਾਰਟੀ ਦੇ ਉਲਟ ਚੱਲ ਰਿਹਾ ਸੀ ਤੇ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਅਜਿਹਾ ਕਰਨ ਲਈ ਉਕਸਾਉਂਦਾ ਰਿਹਾ ਸੀ। ਇਸ ਤੋਂ ਤੰਗ ਆ ਕੇ ਪਾਰਟੀ ਵਰਕਰਾਂ ਨੇ ਪਾਰਟੀ ਪ੍ਰਧਾਨ ਨੂੰ ਸ਼ਿਕਾਇਤਾਂ ਭੇਜੀਆਂ ਸਨ ਤੇ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਰਿਪੋਰਟਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸੰਦੇਸ਼ ਦਿੱਤਾ ਸੀ ਕਿ ਜਿਨ੍ਹਾਂ ਆਗੂਆਂ ਨੇ ਸੱਤਾ ‘ਚ ਰਹਿੰਦਿਆਂ ਪੂਰਾ ਅਨੰਦ ਮਾਣਿਆ ਸੀ, ਅੱਜ ਉਹ ਪਾਰਟੀ ਦੀ ਪਿੱਠ ‘ਚ ਛੁਰਾ ਮਾਰ ਰਹੇ ਹਨ, ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸੇ ਕਾਰਵਾਈ ਤਹਿਤ ਉਨ੍ਹਾਂ ਸ. ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ।