#PUNJAB

ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੀ ਸੰਤ ਲੌਂਗੋਵਾਲ ਨੂੰ ਸੱਚੀ ਸ਼ਰਧਾਂਜਲੀ: ਸੁਖਬੀਰ

ਸੰਗਰੂਰ, 21 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੌਂਗੋਵਾਲ ਵਿਚ ਸ਼ਹੀਦੀ ਕਾਨਫਰੰਸ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਲੌਂਗੋਵਾਲ ਨੇ ਪੰਜਾਬ ਦੀ ਆਵਾਜ਼ ਚੁੱਕੀ, ਜਿਸ ਕਾਰਨ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਨੇ ਸੰਤ ਲੌਂਗੋਵਾਲ ਦੇ ਸਿਧਾਂਤ ਨਾਲ ਧੋਖਾ ਕੀਤਾ ਹੈ ਕਿਉਂਕਿ ਦੋਵੇਂ ਪਾਰਟੀਆਂ ਨੇ ਪੰਜਾਬ ਦੇ ਦਰਿਆਈ ਪਾਣੀਆਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਆਦਿ ਮੁੱਦਿਆਂ ਨਾਲ ਵਿਸਾਰ ਦਿੱਤਾ ਹੈ।
ਲੌਂਗੋਵਾਲ ‘ਚ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ‘ਚ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੋਂ ਬਗੈਰ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਮੁੱਦਿਆਂ ਨੂੰ ਨਹੀਂ ਉਠਾਇਆ ਪਰ ਅੱਜ ਦੁੱਖ ਹੁੰਦਾ ਹੈ ਕਿ ਆਪਣੀ ਕੌਮ ਨੂੰ ਕੀ ਹੋ ਗਿਆ, ਜੋ ਇਹ ਪਛਾਣ ਨਹੀਂ ਕਰ ਰਹੀ ਕਿ ਆਪਣੇ ਕੌਣ ਹਨ ਅਤੇ ਪਰਾਏ ਕੌਣ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਅਤੇ ਏਜੰਸੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ‘ਤੇ ਲੱਗੀਆਂ ਹੋਈਆਂ ਹਨ। ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਹਮਲੇ ਹੋ ਰਹੇ ਹਨ। ਅਕਾਲੀ ਦਲ ਦੇ ਕਮਜ਼ੋਰ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕਰ ਦਿੱਤੇ ਗਏ, ਹਰਿਆਣਾ ‘ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਆਰ.ਐੱਸ.ਐੱਸ. ਤੇ ਭਾਜਪਾ ਦਾ ਕਬਜ਼ਾ ਹੋ ਗਿਆ। ਸ਼੍ਰੀ ਬਾਦਲ ਨੇ ਕਿਹਾ ਕਿ ਸਿਰਸੇ ਵਾਲੇ ਨੂੰ ਹਰ ਦੂਜੇ ਦਿਨ ਪੈਰੋਲ ਦੇ ਦਿੰਦੇ ਹਨ ਪਰ ਭਾਈ ਗੁਰਦੀਪ ਸਿੰਘ ਖੇੜਾ, ਬਲਵੰਤ ਸਿੰਘ ਰਾਜੋਆਣਾ ਅਤੇ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਖ਼ਿਲਾਫ਼ ਧਾਰਾ 295-ਏ ਤਹਿਤ ਕੇਸ ਚਲਾਉਣ ਲਈ ਫਾਈਲ ਮੁੱਖ ਮੰਤਰੀ ਦਫ਼ਤਰ ‘ਚ ਪਈ ਹੈ ਪਰ ਕੇਸ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਸ਼੍ਰੀ ਬਾਦਲ ਨੇ ਅਸਿੱਧੇ ਰੂਪ ‘ਚ ਭਾਈ ਅੰਮ੍ਰਿਤਪਾਲ ਸਿੰਘ ‘ਤੇ ਵਰ੍ਹਦਿਆਂ ਕਿਹਾ ਕਿ ਜਿਹੜੇ ਇੱਕ ਸਾਲ ਜੇਲ੍ਹ ਨਹੀਂ ਕੱਟ ਸਕਦੇ, ਉਹ ਕੌਮ ਲਈ ਕੀ ਸ਼ਹਾਦਤ ਦੇਣਗੇ।
ਸ਼੍ਰੀ ਬਾਦਲ ਨੇ ਸਿਮਰਨਜੀਤ ਸਿੰਘ ਮਾਨ ‘ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਕਾਨਫਰੰਸ ਨੂੰ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਇਕਬਾਲ ਸਿੰਘ ਝੂੰਦਾਂ, ਵਿਨਰਜੀਤ ਸਿੰਘ ਗੋਲਡੀ, ਸਰਬਜੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਵਲੋਂ ਕੀਤਾ ਗਿਆ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਲੌਂਗੋਵਾਲ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਬਾਗ਼ੀ ਧੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਸ਼ਹੀਦੀ ਕਾਨਫਰੰਸਾਂ ਕੀਤੀਆਂ ਗਈਆਂ। ਸੰਤ ਲੌਂਗੋਵਾਲ ਦੀ ਬਰਸੀ ਮੌਕੇ ਇਹ ਪਹਿਲਾ ਅਜਿਹਾ ਮੌਕਾ ਸੀ, ਜਦੋਂ ਅਕਾਲੀ ਦਲ ਪੂਰੀ ਤਰ੍ਹਾਂ ਦੋਫਾੜ ਨਜ਼ਰ ਆਇਆ। ਦੋਵੇਂ ਕਾਨਫਰੰਸਾਂ ਦੌਰਾਨ ਜਿੱਥੇ ਇੱਕੋ ਗੱਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਹੋਈ, ਉਥੇ ਇੱਕ-ਦੂਜੇ ਉਪਰ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਅਕਾਲੀ ਦਲ ਦੀ ਸ਼ਹੀਦੀ ਕਾਨਫਰੰਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਨਜ਼ਰ ਆਈ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਭਾਸ਼ਣ ਦੌਰਾਨ ਬਾਗ਼ੀ ਧੜੇ ਦੇ ਲੀਡਰਾਂ ਬਾਰੇ ਜਾਂ ਬਾਗ਼ੀ ਧੜੇ ਦੀ ਕਾਨਫਰੰਸ ਬਾਰੇ ਕੋਈ ਸ਼ਬਦ ਨਹੀਂ ਕਿਹਾ ਗਿਆ ਪਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਬਾਗ਼ੀ ਧੜੇ ਉਪਰ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਾਜ ਭਾਗ ਲੈ ਕੇ ਪੈਦਾ ਹੋਣ ਵਾਲੇ ਅੱਜ ਪੰਥਕ ਆਗੂਆਂ ਦੀਆਂ ਕੁਰਬਾਨੀਆਂ ‘ਤੇ ਸਵਾਲ ਚੁੱਕ ਰਹੇ ਹਨ।