#PUNJAB

ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜ਼ਿਮਨੀ ਚੋਣਾਂ

ਚੰਡੀਗੜ੍ਹ, 24 ਅਕਤੂਬਰ (ਪੰਜਾਬ ਮੇਲ)- ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਕੋਈ ਵੀ ਜ਼ਿਮਨੀ ਚੋਣਾਂ ਨਹੀਂ ਲੜੇਗਾ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਰਕਿੰਗ ਕਮੇਟੀ, ਹਲਕਾ ਇੰਚਾਰਜਾਂ ਅਤੇ ਜ਼ਿਲ੍ਹਾਂ ਪ੍ਰਧਾਨ ਦੀ ਅਹਿਮ ਮੀਟਿੰਗ ਹੋਈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ 4 ਸੀਟਾਂ ‘ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਨਹੀਂ ਉਤਾਰੇ ਜਾਣਗੇ। ਮੀਟਿੰਗ ‘ਚ ਚਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਤੇ ਐੱਸ.ਜੀ.ਪੀ.ਸੀ. ਪ੍ਰਧਾਨ ਦੀ ਚੋਣ ਨੂੰ ਲੈ ਕੇ ਚਰਚਾ ਹੋਈ ਹੈ।
ਤਨਖ਼ਾਹੀਆ ਹੋਣ ਤੱਕ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਨਹੀਂ ਕਰ ਸਕਦੇ ਹਨ ਤਾਂ ਕੁਦਰਤੀ ਗੱਲ ਹੈ ਕਿ ਜੇਕਰ ਪ੍ਰਚਾਰ ਨਹੀਂ ਹੋਵੇਗਾ ਤਾਂ ਜ਼ਿਮਨੀ ਚੋਣ ਵੀ ਪਾਰਟੀ ਨਹੀਂ ਲੜੇਗੀ। ਇਸ ਸਬੰਧੀ ਸਾਰਿਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਨੈਤਿਕ ਜ਼ਿੰਮੇਵਾਰੀ ਪਾਰਟੀ ਦੇ ਤੌਰ ‘ਤੇ ਲਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਘੱਟ ਗਿਣਤੀਆਂ ਖ਼ਿਲਾਫ਼ ਸਾਜ਼ਿਸ਼ਾਂ ਚੱਲ ਰਹੀਆਂ ਹਨ। ਅਕਾਲੀ ਦਲ ਨੂੰ ਲੀਡਰ ਰਹਿਤ ਕਰਨ ਲਈ ਵੀ ਸਾਜ਼ਿਸ਼ਾਂ ਚੱਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੋਣਾਂ ਵਿਚ ਛੋਟ ਨਹੀਂ ਦਿੱਤੀ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਬੀਤੇ ਦਿਨੀਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ 7 ਮੈਂਬਰੀ ਵਫ਼ਦ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਸੁਖਬੀਰ ਬਾਦਲ ਨੂੰ ਸਿਆਸੀ ਸਰਗਰਮੀਆਂ ਵਿਚ ਛੋਟ ਦੇਣ ਦੀ ਅਪੀਲ ਕੀਤੀ ਗਈ ਸੀ ਪਰ ਇਹ ਛੋਟ ਨਹੀਂ ਦਿੱਤੀ ਗਈ ਹੈ। ਜਥੇਦਾਰ ਨੇ ਆਖਿਆ ਸੀ ਕਿ ਕੋਈ ਵੀ ਤਨਖ਼ਾਹੀਆ ਸਿੱਖ ਤਨਖ਼ਾਹ ਪੂਰੀ ਕਰਨ ਤੱਕ ਤਨਖ਼ਾਹੀਆ ਹੀ ਰਹਿੰਦਾ ਹੈ। ਜਥੇਦਾਰ ਨੇ ਆਖਿਆ ਹੈ ਕਿ ਇਸ ਸੰਬੰਧੀ ਦੀਵਾਲੀ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਕੀਤੀ ਜਾਵੇਗੀ ਅਤੇ ਇਸ ਬਾਬਤ ਅਗਲਾ ਫ਼ੈਸਲਾ ਲਿਆ ਜਾਵੇਗਾ।
ਗਿਆਨੀ ਰਘਬੀਰ ਸਿੰਘ ਨੇ ਇਸ ਮਾਮਲੇ ‘ਚ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਤਨਖ਼ਾਹੀਏ ਦੀ ਇਕ ਪਰਿਭਾਸ਼ਾ ਹੁੰਦੀ ਹੈ, ਉਸ ਨੂੰ ਪਰਭਾਸ਼ਿਤ ਕਰਨਾ ਹਰ ਸਿੱਖ ਲਈ ਜ਼ਰੂਰੀ ਹੈ, ਜਦੋਂ ਤੱਕ ਸਿੰਘ ਸਾਹਿਬਾਨ ਵਲੋਂ ਫ਼ਸੀਲ ਤੋਂ ਉਕਤ ਸਿੱਖ ਤਨਖ਼ਾਹ ਨਹੀਂ ਲਗਵਾ ਲੈਂਦਾ, ਉਦੋਂ ਤੱਕ ਉਹ ਤਨਖ਼ਾਹੀਆਂ ਹੀ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੀ ਆਪਣੀ ਵੱਡੀ ਸੰਸਥਾ ਇਸ ਦੇ ਕੰਮਕਾਜ ਵਿਚ ਸਰਕਾਰਾਂ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਸੌਂਪਦਿਆਂ ਆਖਿਆ ਸੀ ਕਿ ਜਥੇਦਾਰ ਸਾਹਿਬ ਵਲੋਂ ਜਿਹੜੀ ਵੀ ਸਜ਼ਾ ਉਨ੍ਹਾਂ ਨੂੰ ਲਗਾਈ ਜਾਵੇਗੀ। ਉਹ ਨਿਮਾਣੇ ਸਿੱਖ ਵਜੋਂ ਪ੍ਰਵਾਨ ਕਰਨਗੇ।