#PUNJAB

ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕਰ ਸਕਦਾ ਹੈ ਢੀਂਡਸਾ ਧੜਾ

* ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਮਸਲੇ ’ਤੇ ਚਰਚਾ * ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਰਕਰਾਂ ਦੀ ਰਾਏ ਵੱਖੋ-ਵੱਖਰੀ *  ਆਉਂਦੇ ਦਿਨਾਂ ’ਚ ਕੋਈ ਫੈਸਲਾ ਲਵਾਂਗੇ: ਢੀਂਡਸਾ

ਚੰਡੀਗੜ੍ਹ,  17 ਦਸੰਬਰ (ਪੰਜਾਬ ਮੇਲ)- ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਚਾਰ ਸਾਲ ਵੱਖ ਰਹਿਣ ਮਗਰੋਂ ਮੁੜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਵਰਕਰਾਂ ਤੇ ਆਗੂਆਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮੁੜ ਜੁੜਨ ਦੇ ਮੁੱਦੇ ’ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੇ ਜਾਣ ਮਗਰੋਂ ਇਨ੍ਹਾਂ ਅਕਾਲੀ ਧੜਿਆਂ ਵਿਚਾਲੇ ਮੁੜ ਏਕੇ ਦਾ ਮੁੱਦਾ ਜ਼ੋਰ ਫੜ ਰਿਹਾ ਹੈ। ਅਕਾਲੀ ਦਲ ਦੇ ਵੱਖ ਵੱਖ ਧੜਿਆਂ ਦੇ ਮੁੜ ਇਕਜੁੱਟ ਹੋਣ ਦੀ ਸੰਭਾਵਨਾ ਸਬੰਧੀ ਰਿਪੋਰਟ ਬੀਤੇ ਦਿਨ ‘ਦਿ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਸਬੰਧੀ ‘ਦਿ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਦੇ ਮੁੱਦੇ ’ਤੇ ਪਾਰਟੀ ਅੰਦਰ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਇਸ ਸਮੇਂ ਦੋ ਵਿਚਾਰ ਸਾਹਮਣੇ ਆ ਰਹੇ ਹਨ। ਇੱਕ ਧੜਾ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕੀਤੀ ਜਾਵੇ ਅਤੇ ਦੂਜਾ ਧੜਾ ਇਸ ਵਿਚਾਰ ਦਾ ਵਿਰੋਧ ਕਰ ਰਿਹਾ ਹੈ। ਅਸੀਂ ਇਨ੍ਹਾਂ ਸਾਰੇ ਮੁੱਦਿਆਂ ’ਤੇ ਚਰਚਾ ਕਰਾਂਗੇ ਅਤੇ ਆਉਂਦੇ ਦਿਨਾਂ ’ਚ ਕੋਈ ਫ਼ੈਸਲਾ ਲਿਆ ਜਾਵੇਗਾ।’ ਉਨ੍ਹਾਂ ਨੂੰ ਜਦੋਂ ਬੀਬੀ ਜਗੀਰ ਕੌਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਤੇ ਬੀਬੀ ਜਗੀਰ ਕੌਰ ਜਲਦੀ ਹੀ ਮੁਲਾਕਾਤ ਕਰਕੇ ਇਸ ਮਾਮਲੇ ’ਤੇ ਚਰਚਾ ਕਰਨਗੇ।