#PUNJAB

ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਤੋਂ ਆਉਣ ਵਾਲੀ ਸ਼੍ਰੋਮਣੀ ਭਗਤ ਨਾਮਦੇਵ ਜੀ ਯਾਤਰਾ ਦਾ ਲੁਧਿਆਣਾ ਪਹੁੰਚਣ ਤੇ ਨਿੱਘਾ ਸਵਾਗਤ ਹੋਵੇਗਾ-ਗਰਚਾ

ਲੁਧਿਆਣਾ, 23 ਸਤੰਬਰ (ਪੰਜਾਬ ਮੇਲ)- ਬ੍ਰਹਮ ਗਿਆਨੀ ਭਗਤੀ ਲਹਿਰ ਦੇ ਮੋਢੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 754ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ‘ਚ 9ਵੀਂ ਯਾਤਰਾ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸਟਰ ਤੋਂ 16 ਨਵੰਬਰ ਨੂੰ ਪੰਜਾਬ ਪਹੁੰਚੇਗੀ। ਹਰ ਸਾਲ ਵੱਡੀ ਗਿਣਤੀ ਵਿੱਚ ਮਰਾਠੀ ਸੰਗਤਾਂ ਨੂੰ ਪੰਜਾਬ ਵਿੱਚਲੇ ਗੁਰਧਾਮਾਂ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਸ਼੍ਰੀ ਹਜ਼ੂਰ ਸਾਹਿਬ, ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੇ ਆਸ਼ੀਰਵਾਦ ਨਾਲ ਨਾਨਕ ਸਾਂਈ ਫਾਉਡੇਸਨ ਮਹਾਰਾਸ਼ਟਰ ਵੱਲੋਂ ਇਹ ਯਾਤਰਾ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਲਿਆਂਦੀ ਜਾ ਰਹੀ ਹੈ। ਯਾਤਰਾ ਦੀਆਂ ਅਗਾਉਂ ਤਿਆਰੀਆਂ ਲਈ ਉੱਘੇ ਮਰਾਠੀ ਲੇਖਕ ਤੇ ਨਾਨਕ ਸਾਂਈ ਫਾਉਡੇਸਨ ਮਹਾਰਾਸ਼ਟਰ ਦੇ ਚੇਅਰਮੈਨ ਪੰਡਰੀਨਾਥ ਬੋਕਾਰੇ ਪੰਜਾਬ ਆਏ ਹੋਏ ਹਨ। ਸ੍ਰੀ ਬੋਕਾਰੇ ਨੇ ਯਾਤਰਾ ਦੀਆਂ ਤਿਆਰੀਆਂ ਨੂੰ ਲੈਕੇ ਲੁਧਿਆਣਾ ਵਿਖੇ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪਰਬੰਧਕਾਂ ਨਾਲ ਮੁਲਾਕਾਤਾਂ ਕੀਤੀਆਂ। ਅੱਜ ਬੋਕਾਰੇ ਨੇ ਬਾਬਾ ਨਾਮਦੇਵ ਅੰਤਰਰਾਸਟਰੀ ਫਾਊਂਡੇਸਨ ਦੇ ਪ੍ਰਧਾਨ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਰੋਜ਼ ਇਨਕਲੇਵ ਪਖੋਵਾਲ ਰੋਡ ਲੁਧਿਆਣਾ ਵਿਖੇ ਆਪਣੇ ਮਹਾਰਾਸ਼ਟਰ ਤੋਂ ਆਏ ਸਾਥੀਆਂ ਸਮੇਤ ਮੁਲਾਕਾਤ ਕੀਤੀ। ਮੁਲਾਕਾਤ ਉਪਰੰਤ ਸ੍ਰੀ ਪੰਡਰੀਨਾਥ ਬੋਕਾਰੇ ਅਤੇ ਸ. ਸੁਖਵਿੰਦਰਪਾਲ ਸਿੰਘ ਗਰਚਾ ਨੇ ਦੱਸਿਆ ਕਿ ਇਹ ਯਾਤਰਾ 15 ਨਵੰਬਰ ਨੂੰ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਤੋਂ ਸ਼ੁਰੂ ਹੋਕੇ ਸੱਚਖੰਡ ਐਕਸਪ੍ਰੈਸ ਰੇਲਗੱਡੀ ਰਾਹੀਂ 16 ਨਵੰਬਰ ਨੂੰ ਨਵੀਂ ਦਿੱਲੀ ਹੁੰਦੇ ਹੋਏ ਸ਼ਾਮ 6 ਵਜੇ ਲੁਧਿਆਣਾ ਰਾਹੀਂ ਸ਼ਾਮ 7 ਵਜੇ ਜਲੰਧਰ ਪਹੁੰਚੇਗੀ। 17 ਨਵੰਬਰ ਸ਼੍ਰੋਮਣੀ ਭਗਤ ਨਾਮਦੇਵ ਜੀ ਇਤਿਹਾਸਕ ਭਗਤੀ ਸਥਾਨ ਜਿਥੇ ਉਨ੍ਹਾਂ ਪ੍ਰਲੋਕ ਗਮਨ ਹੋਇਆ ਕਲਬਾ ਘੁਮਾਣ ਸ਼੍ਰੀ ਹਰਗੋਬਿੰਦਪੁਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ, ਇਤਿਹਾਸਕ ਅਚਲ ਧਾਮ, ਬਟਾਲਾ ਜਾਵੇਗੀ, 18 ਨਵੰਬਰ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ, 19 ਨਵੰਬਰ ਸ਼੍ਰੀ ਗੋਵਿੰਦਵਾਲ ਸਾਹਿਬ ਨਤਮਸਤਕ ਹੁੰਦੇ ਹੋਏ ਪਿੰਡ ਪਰਜੀਆ ਕਲਾਂ ਪਹੁੰਚੇਗੀ। 20, 21 ਨਵੰਬਰ ਯਾਤਰਾ ਸ਼੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ, 22 ਨਵੰਬਰ ਸ਼੍ਰੀ ਫਤਹਿਗੜ੍ਹ ਸਾਹਿਬ, ਬੱਸੀ ਪਠਾਣਾ, ਪਿੰਡ ਦਮਹੇੜੀ ਪਟਿਆਲਾ, 23 ਨਵੰਬਰ ਧਰਮਨਗਰੀ ਕੁਰੂਕਸ਼ੇਤਰ, ਪਿੱਪਲੀ ਸਾਹਿਬ ਪਹੁੰਚੇਗੀ ਅਤੇ 24 ਨਵੰਬਰ ਅੰਬਾਲਾ ਤੋਂ ਵਿਸ਼ੇਸ਼ ਰੇਲਗੱਡੀ ਰਾਹੀਂ ਸ਼੍ਰੀ ਹਜ਼ੂਰ ਸਾਹਿਬ ਨਾਦੇਂੜ ਲਈ ਵਾਪਸੀ ਕਰੇਗੀ। ਤਖਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸਟਰ ਤੋਂ ਆਉਣ ਵਾਲੀ ਸ਼੍ਰੋਮਣੀ ਭਗਤ ਨਾਮਦੇਵ ਜੀ ਯਾਤਰਾ ਲਈ ਲੋੜੀਂਦੇ ਪ੍ਰਬੰਧਾਂ, ਇੰਤਜਾਮਾਂ ਸਬੰਧੀ ਵਿਸਥਾਰ ਨਾਲ ਵਿਚਾਰਾਂ ਸਾਂਝੀਆ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਯਾਤਰਾ ਦੇ ਲੁਧਿਆਣਾ ਪਹੁੰਚਣ ਤੇ ਭਰਵਾਂ ਸਵਾਗਤ ਹੋਵੇਗਾ। ਸੁਖਵਿੰਦਰਪਾਲ ਸਿੰਘ ਗਰਚਾ ਨੇ ਮਹਾਰਾਸ਼ਟਰ ਤੋਂ ਆਏ ਮਹਿਮਾਨਾਂ ਦਾ ਸਥਾਨਕ ਪ੍ਰੰਪਰਾ ਅਨੁਸਾਰ ਸਨਮਾਨ ਕਰਦਿਆਂ ਦੱਸਿਆ ਕਿ ਇਸ ਵਾਰੀ ਭਗਤ ਨਾਮਦੇਵ ਯਾਤਰਾ ਵਿੱਚ 300 ਦੇ ਕਰੀਬ ਮਰਾਠੀ ਸੰਗਤਾਂ ਮਹਾਰਾਸਟਰ ਤੋਂ ਪੰਜਾਬ ਦੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੀਆਂ। ਇਸ ਮੌਕੇ ਸ਼੍ਰੀਕਾਂਤ ਪਵਾਰ, ਸ੍ਰੀਯੇਸ਼ ਕੁਮਾਰ ਬੋਕਾਰੇ, ਰਾਜਦੀਪ ਸਿੰਘ ਗਰਚਾ, ਜਗਦੀਸ਼ ਸਿੰਘ, ਜਸਵਿੰਦਰ ਸਿੰਘ ਖਾਲਸਾ, ਹਰਪ੍ਰੀਤ ਸਿੰਘ, ਜੋਗਿੰਦਰ ਸਿੰਘ ਸੰਧੂ ਆਦਿ ਵੀ ਮੌਜੂਦ ਸਨ।