#CANADA

‘ਸ਼ੇਰੇ ਪੰਜਾਬ’ ਰੇਡੀਓ ਦੇ ਸੰਸਥਾਪਕ ਅਜੀਤ ਸਿੰਘ ਬਾਧ ਸਦੀਵੀ ਵਿਛੋੜਾ ਦੇ ਗਏ

ਸਰੀ, 17 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਕੈਨੇਡਾ ਵਿਚ ਪੰਜਾਬੀ ਮੀਡੀਆ ਦੇ ਸਿਰਮੌਰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸੰਸਥਾਪਕ ਅਜੀਤ ਸਿੰਘ ਬਾਧ ਇੱਕ ਲੰਬੀ ਬਿਮਾਰੀ ਤੋਂ ਬਾਅਦ ਲੋਹੜੀ ਵਾਲੇ ਦਿਨ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜਨਮ 1 ਅਕਤੂਬਰ, 1936 ਨੂੰ ਫਗਵਾੜੇ ਦੇ ਲਾਗਲੇ ਪਿੰਡ ਬਾਧ ਵਿਚ ਹੋਇਆ।
ਉਹ ਸਿਰਫ ਕੈਨੇਡਾ ਵਿਚ ਹੀ ਨਹੀਂ, ਬਲਕਿ ਭਾਰਤ, ਪਾਕਿਸਤਾਨ ਦੇ ਲਹਿੰਦੇ ਪੰਜਾਬ ਸਮੇਤ ਹੋਰਨਾਂ ਕਈ ਮੁਲਕਾਂ ਵਿਚ ਕਿਸੇ ਵੀ ਪਛਾਣ ਦੇ ਮੁਹਤਾਜ ਨਹੀਂ ਰਹੇ। ਸਿਰਫ ਮੀਡੀਆ ਖੇਤਰ ਵਿਚ ਹੀ ਨਹੀਂ, ਸਗੋਂ ਰਾਜਨੀਤੀ, ਧਰਮ ਤੇ ਸਮਾਜਿਕ ਖੇਤਰ ਵਿਚ ਵੀ ਸਮੇਂ ਸਮੇਂ ‘ਤੇ ਉਹ ਆਪਣੀ ਅਲੱਗ ਪਹਿਚਾਣ ਛੱਡਦੇ ਰਹੇ। ਉਨ੍ਹਾਂ ਵਿਚ ਸਿਆਸਤ ਦੇ ਨਾਲ-ਨਾਲ ਪੰਥ ਦੀ ਸੇਵਾ ਦਾ ਜਜ਼ਬਾ ਸੀ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਉਨ੍ਹਾਂ ਨੇ ਪੰਜਾਬ ਤੇ ਪੰਥ ਦੇ ਮਸਲਿਆਂ ‘ਤੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਰੱਖੀ।
33 ਸਾਲ ਦੀ ਉਮਰ ਵਿਚ ਉਹ ਕੈਨੇਡਾ ਆ ਗਏ। ਉਹ ਬੀ.ਸੀ. ਦੇ ਸ਼ਹਿਰ ਮੈਰਿਟ ਵਿਚ ਲੰਮਾਂ ਸਮਾਂ ਰਹੇ, ਜਿਥੇ ਲੰਬਰ ਇੰਡਸਟਰੀ ਵਿਚ ਮਿਹਨਤ ਕੀਤੀ। ਉੱਥੇ ਹੀ ਸਮੇਂ-ਸਮੇਂ ‘ਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਰਹੇ। ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਨੇ ਨੇੜਿਓਂ ਵੇਖਿਆ, ਤਾਂ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਕਈ ਉਪਰਾਲੇ ਕੀਤੇ। ਉਨ੍ਹਾਂ ਕਈ ਦਹਾਕੇ ਪਹਿਲਾਂ ਇੰਡੋ-ਕੈਨੇਡੀਅਨ ਭਾਈਚਾਰੇ ਦਾ ਪਹਿਲਾ ਪੰਥਕ ਮੈਗਜ਼ੀਨ ‘ਸਿੱਖ ਸਮਾਚਾਰ’ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਪੰਜਾਬੀ ਕਮਿਊਨਿਟੀ ਦਾ ਪਹਿਲਾ ਰੇਡੀਓ ਸਟੇਸ਼ਨ ‘ਸ਼ੇਰੇ-ਪੰਜਾਬ’ ਖੋਲ੍ਹਿਆ ਗਿਆ। ਉਨ੍ਹਾਂ ਦੀ ਹਮੇਸ਼ਾ ਸੋਚ ਰਹੀ ਕਿ ਅਸੀਂ ਸਮਾਜ ਨੂੰ ਕਿਵੇਂ ਜੋੜ ਸਕਦੇ ਹਾਂ। ਕੈਨੇਡਾ ਦੇ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦੀ ਅਕਾਲ ਚਲਾਣੇ ਉੱਪਰ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।