#OTHERS

ਸ਼ੇਖ ਹਸੀਨਾ ਵੱਲੋਂ 5ਵੀਂ ਵਾਰ Prime Minister ਵਜੋਂ ਚੁੱਕੀ ਸਹੁੰ

ਨਵੀਂ ਕੈਬਨਿਟ ‘ਚ 25 ਮੰਤਰੀ ਤੇ 11 ਰਾਜ ਮੰਤਰੀ ਸ਼ਾਮਲ; 14 ਨਵੇਂ ਚਿਹਰਿਆਂ ਨੂੰ ਮਿਲੀ ਥਾਂ
ਢਾਕਾ, 12 ਜਨਵਰੀ (ਪੰਜਾਬ ਮੇਲ)- ਸ਼ੇਖ ਹਸੀਨਾ (76) ਨੇ ਪੰਜਵੀਂ ਵਾਰ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਹਸੀਨਾ ਕੈਬਨਿਟ ਵਿਚ 14 ਨਵੇਂ ਚਿਹਰਿਆਂ ਨਾਲ 25 ਮੰਤਰੀ ਤੇ 11 ਰਾਜ ਮੰਤਰੀ ਸ਼ਾਮਲ ਕੀਤੇ ਗਏ ਹਨ। ਹਸੀਨਾ ਦੀ ਅਵਾਮੀ ਲੀਗ ਨੇ ਪਿਛਲੀ ਦਿਨੀਂ ਹੋਈਆਂ ਆਮ ਚੋਣਾਂ ਵਿਚ ਵੱਡੇ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ। ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੀ.ਐੱਨ.ਪੀ. ਤੇ ਇਸ ਦੇ ਭਾਈਵਾਲਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਹਸੀਨਾ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਰਾਸ਼ਟਰਪਤੀ ਪੈਲੇਸ ‘ਚ ਰੱਖੇ ਹਲਫ਼ਦਾਰੀ ਸਮਾਗਮ ਵਿਚ ਸਿਆਸਤਦਾਨ, ਵਿਦੇਸ਼ੀ ਡਿਪਲੋਮੈਟ, ਸਿਵਲ ਸੁਸਾਇਟੀ ਮੈਂਬਰ, ਸੀਨੀਅਰ ਸਿਵਲ ਤੇ ਫੌਜੀ ਅਧਿਕਾਰੀ ਸ਼ਾਮਲ ਹੋਏ। ਹਸੀਨਾ 12ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਣਗੇ। ਇਹ ਉਨ੍ਹਾਂ ਦਾ ਲਗਾਤਾਰ ਚੌਥਾ ਤੇ ਕੁੱਲ ਮਿਲਾ ਕੇ 5ਵਾਂ ਕਾਰਜਕਾਲ ਹੋਵੇਗਾ। ਪ੍ਰਧਾਨ ਮੰਤਰੀ ਮਗਰੋਂ ਕੈਬਨਿਟ ਦੇ ਨਵੇਂ ਮੈਂਬਰਾਂ ਨੇ ਵੀ ਹਲਫ਼ ਲਿਆ। ਨਵੀਂ ਕੈਬਨਿਟ ਵਿੱਚ 25 ਮੰਤਰੀ ਤੇ 11 ਰਾਜ ਮੰਤਰੀ ਸ਼ਾਮਲ ਹਨ। ਹਸੀਨਾ ਨੇ ਸਾਬਕਾ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਨ, ਵਿੱਤ ਮੰਤਰੀ ਏ.ਐੱਚ.ਐੱਮ. ਮੁਸਤਫਾ ਕਮਾਲ, ਯੋਜਨਾ ਮੰਤਰੀ ਅਬਦੁਲ ਮਾਨਨ, ਖੇਤੀ ਮੰਤਰੀ ਅਬਦੁਰ ਰਜ਼ਾਕ ਤੇ ਵਣਜ ਮੰਤਰੀ ਟੀਪੂ ਮੁਨਸ਼ੀ ਨੂੰ ਐਤਕੀਂ ਕੈਬਨਿਟ ‘ਚ ਸ਼ਾਮਲ ਨਹੀਂ ਕੀਤਾ ਗਿਆ। ਨਵੀਂ ਕੈਬਨਿਟ ਵਿਚ 14 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪੇਸ਼ੇ ਵਜੋਂ ਡਾਕਟਰ ਸਾਮੰਤਾ ਲਾਲ ਸੇਨ, ਬੰਗਲਾਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਤਾਜ਼ੁਦਦੀਨ ਅਹਿਮਦ ਦੀ ਧੀ ਸੀਮੀਂ ਹੁਸੈਨ ਰਿਮੀ ਆਦਿ ਸ਼ਾਮਲ ਹਨ। ਅਵਾਮੀ ਲੀਗ ਨੇ ਸੰਸਦ ਦੀਆਂ 300 ਸੀਟਾਂ ਵਿਚੋਂ 223 ‘ਤੇ ਜਿੱਤ ਦਰਜ ਕੀਤੀ ਸੀ।