ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲੇਬਰ ਡੇ ਹਫਤੇ ਦੇ ਅੰਤ ‘ਤੇ ਹੋਈ ਹਿੰਸਾ ਤੋਂ ਬਾਅਦ ਸ਼ਿਕਾਗੋ ਵਿਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਸਥਾਨਕ ਤੇ ਸਟੇਟ ਆਗਆਂ ਨੇ ਵਿਰੋਧ ਕੀਤਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਸ਼ਿਕਾਗੋ ਵਿਚ ਇੰਮੀਗ੍ਰੇਸ਼ਨ ਛਾਪੇਮਾਰੀ ਹੋਵੇਗੀ ਤੇ ਨੈਸ਼ਨਲ ਗਾਰਡ ਲਾਸ ਏਂਜਲਸ ਤੇ ਵਾਸ਼ਿੰਗਟਨ ਡੀ.ਸੀ. ਵਾਂਗ ਤਾਇਨਾਤ ਕੀਤੇ ਜਾਣਗੇ। ਰਾਜ ਦੇ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੰਪ ਕੇਵਲ ਆਪਣੀ ਤਾਕਤ ਅਜ਼ਮਾ ਰਿਹਾ ਹੈ, ਉਸ ਦੀ ਇਸ ਕਾਰਵਾਈ ਦਾ ਅਪਰਾਧ ਨਾਲ ਲੜਣ ਜਾਂ ਸ਼ਿਕਾਗੋ ਨੂੰ ਸੁਰੱਖਿਅਤ ਬਣਾਉਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗਵਰਨਰ ਨੇ ਹੋਰ ਕਿਹਾ ਕਿ ਟਰੰਪ ਆਪਣੇ ਲਾਲਚ ਦੀ ਪੂਰਤੀ ਲਈ ਦੇਸ਼ ਤੋੜ ਰਿਹਾ ਹੈ। ਸ਼ਿਕਾਗੋ ਪੁਲਿਸ ਵਿਭਾਗ ਅਨੁਸਾਰ ਪਿਛਲੇ ਹਫਤੇ ਦੇ ਅੰਤ ਵਿਚ ਹੋਈ ਹਿੰਸਾ ਵਿਚ ਘੱਟੋ-ਘੱਟ 8 ਵਿਅਕਤੀ ਮਾਰੇ ਗਏ ਹਨ ਤੇ 50 ਹੋਰ ਜ਼ਖਮੀ ਹੋਏ ਹਨ, ਜਿਸ ਉਪਰੰਤ ਰਾਸ਼ਟਰਪਤੀ ਨੇ ਨੈਸ਼ਨਲ ਗਾਰਡ ਭੇਜਣ ਦਾ ਐਲਾਨ ਕੀਤਾ ਹੈ।
ਸ਼ਿਕਾਗੋ ‘ਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਵਿਰੋਧ
