#OTHERS

ਸ਼ਾਹਬਾਜ਼ ਬਣ ਸਕਦੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਇਸਲਾਮਾਬਾਦ, 15 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸੁਪਰੀਮੋ ਨਵਾਜ਼ ਸ਼ਰੀਫ਼ ਦਾ ਛੋਟਾ ਭਰਾ ਸ਼ਾਹਬਾਜ਼ ਸ਼ਰੀਫ਼ ਮੁਲਕ ਦਾ ਨਵਾਂ ਪ੍ਰਧਾਨ ਮੰਤਰੀ ਬਣ ਸਕਦਾ ਹੈ। ਪਾਰਟੀ ਦੀ ਸੀਨੀਅਰ ਮੀਤ ਪ੍ਰਧਾਨ ਮਰੀਅਮ ਨਵਾਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਸ਼ਾਹਬਾਜ਼ (72) ਅਪ੍ਰੈਲ 2022 ‘ਚ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਮਗਰੋਂ ਪ੍ਰਧਾਨ ਮੰਤਰੀ ਬਣੇ ਸਨ।
ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ.ਐੱਲ.-ਐੱਨ. ਨੂੰ ਪਾਕਿਸਤਾਨੀ ਫ਼ੌਜ ਦੀ ਹਮਾਇਤ ਪ੍ਰਾਪਤ ਹੈ। ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਣ ਮਗਰੋਂ ਪੀ.ਐੱਮ.ਐੱਲ.-ਐੱਨ. ਦੀ ਅਗਵਾਈ ਹੇਠ ਹੋਰ ਪਾਰਟੀਆਂ ਗੱਠਜੋੜ ਸਰਕਾਰ ਬਣਾ ਸਕਦੀਆਂ ਹਨ। ਪੀ.ਐੱਮ.ਐੱਲ.-ਐੱਨ. ਨੇ ਮੰਗਲਵਾਰ ਰਾਤ ਨਵਾਜ਼ ਦੀ ਥਾਂ ‘ਤੇ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ਾਹਬਾਜ਼ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਸਿਫ਼ ਅਲੀ ਜ਼ਰਦਾਰੀ, ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ ਦੇ ਖਾਲਿਦ ਮਕਬੂਲ ਸਿੱਦੀਕੀ ਨਾਲ ਪਾਕਿਸਤਾਨ ਮੁਸਲਿਮ ਲੀਗ-ਕਿਊ ਦੇ ਸ਼ੁਜਾਤ ਹੁਸੈਨ ਦੀ ਰਿਹਾਇਸ਼ ‘ਤੇ ਮਿਲੇ ਅਤੇ ਸਰਕਾਰ ਬਣਾਉਣ ‘ਤੇ ਸਹਿਮਤੀ ਪ੍ਰਗਟਾਈ। ਸ਼ਾਹਬਾਜ਼ ਨੇ ਕਿਹਾ ਕਿ ਨਵੀਂ ਸਰਕਾਰ ਦੇਸ਼ ਨੂੰ ਮੁਸ਼ਕਲ ‘ਚੋਂ ਬਾਹਰ ਕੱਢੇਗੀ। ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਛੇ ਪਾਰਟੀਆਂ ਪੀ.ਐੱਮ.ਐੱਲ.-ਐੱਨ., ਪੀ.ਪੀ.ਪੀ., ਐੱਮ.ਕਿਊ.ਐੱਮ.-ਪੀ., ਪੀ.ਐੱਮ.ਐੱਲ.-ਕਿਊ, ਆਈ.ਪੀ.ਪੀ. ਅਤੇ ਬਲੋਚਿਸਤਾਨ ਅਵਾਮੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਸੀਟਾਂ ਦੀ ਕੁੱਲ ਗਿਣਤੀ 152 ਬਣਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਕੇਂਦਰ ‘ਚ ਸਰਕਾਰ ਬਣਾਉਣ ਲਈ ਲੋੜੀਂਦੇ 169 ਮੈਂਬਰਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਜਾਵੇਗਾ।
ਰਾਤ ਦੇ ਹਨੇਰੇ ਵਿਚ ਫ਼ਤਵਾ ਚੋਰੀ ਕੀਤਾ : ਪੀ.ਟੀ.ਆਈ.
ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੇ ਦੋਸ਼ ਲਾਇਆ ਹੈ ਕਿ ਰਾਤ ਦੇ ਹਨੇਰੇ ‘ਚ ਉਨ੍ਹਾਂ ਦੇ ਪੱਖ ‘ਚ ਆਏ ਫ਼ਤਵੇ ਨੂੰ ਚੋਰੀ ਕਰ ਲਿਆ ਗਿਆ ਹੈ। ਪਾਰਟੀ ਦੇ ਕੇਂਦਰੀ ਸੂਚਨਾ ਸਕੱਤਰ ਰਾਊਫ਼ ਹਸਨ ਨੇ ‘ਐਕਸ’ ‘ਤੇ ਕਿਹਾ ਕਿ ਪਾਕਿਸਤਾਨ ਨੂੰ ਵਧੇਰੇ ਅਸਥਿਰਤਾ ਦੇ ਰਾਹ ਪਾਇਆ ਜਾ ਰਿਹਾ ਹੈ। ਪੀ.ਐੱਮ. ਐੱਲ.-ਐੱਨ. ਦੀ ਅਗਵਾਈ ਹੇਠ ਸੰਭਾਵੀ ਗੱਠਜੋੜ ਸਰਕਾਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਝੁੰਡ ਵੱਲੋਂ ਸਰਕਾਰ ਦੇ ਗਠਨ ਦਾ ਫ਼ੈਸਲਾ ਦੇਸ਼ ਦੀਆਂ ਚੁਣੌਤੀਆਂ ‘ਚ ਵਾਧੇ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਨਵੀਂ ਸਰਕਾਰ ਦਾ ਗਠਨ ਹੋਣ ਜਾ ਰਿਹਾ ਹੈ। ਹਸਨ ਨੇ ਕਿਹਾ ਕਿ ਸੱਤਾ ਉਨ੍ਹਾਂ ਹਵਾਲੇ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਆਪਣੇ ਆਗੂ ਚੁਣਿਆ ਹੈ।