#PUNJAB

ਸ਼ਹੀਦੀ ਪੰਦਰਵਾੜੇ ਦੌਰਾਨ 16 ਤੋਂ 31 ਦਸੰਬਰ ਤੱਕ ਗੁਰੂ ਘਰਾਂ ਵਿਚ ਬਣਨਗੇ ਸਾਦੇ ਲੰਗਰ- ਐਡਵੋਕੇਟ ਧਾਮੀ

ਅੰਮ੍ਰਿਤਸਰ, 16 ਦਸੰਬਰ (ਪੰਜਾਬ ਮੇਲ)- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼ੁਰੂ ਹੋਏ ਸ਼ਹੀਦੀ ਪੰਦਰਵਾੜੇ ਦੌਰਾਨ 16 ਦਸੰਬਰ ਤੋਂ 31 ਦਸੰਬਰ 2023 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅੰਦਰ ਜਿਥੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨ ਨਹੀਂ ਦਿੱਤੇ ਜਾਣਗੇ, ਉਥੇ ਹੀ ਲੰਗਰਾਂ ਵਿਚ ਵੀ ਮਿੱਠੇ ਪਕਵਾਨ ਵੀ ਨਹੀਂ ਬਣਨਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਹਦਤਾਂ ਨੂੰ ਸਮਰਪਤ ਸ਼ਹੀਦੀ ਪੰਦਰਵਾੜਾ ਸਿੱਖ ਕੌਮ ਲਈ ਬੇਹੱਦ ਭਾਵੁਕ ਸਮਾਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਸ਼ਹੀਦੀ ਪੰਦਰਵਾੜੇ ਦੌਰਾਨ ਗੁਰੂ ਕੇ ਲੰਗਰਾਂ ਵਿਚ ਸਾਦੇ ਪਕਵਾਨ ਵਰਤਾਏ ਜਾਣਗੇ ਅਤੇ ਕਿਸੇ ਵੀ ਵਿਸ਼ੇਸ਼ ਵਿਅਕਤੀ ਸਿਰੋਪਾਓ ਨਹੀਂ ਦਿੱਤੇ ਜਾਣਗੇ। ਉਨ੍ਹਾਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦੀ ਪੰਦਰਵਾੜੇ ਦੀ ਭਾਵੁਕਤਾ ਨੂੰ ਵੇਖਦਿਆਂ ਆਪੋ ਆਪਣੇ ਪ੍ਰਬੰਧਾਂ ਵਾਲੇ ਸਥਾਨਾਂ ’ਤੇ ਇਸ ਫੈਸਲੇ ਨੂੰ ਲਾਗੂ ਕਰਨ। ਐਡਵੋਕੇਟ ਧਾਮੀ ਨੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਯਾਦ ਵਿਚ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਵੀ ਕੀਤੀ।